ਹਰ ਤਰ੍ਹਾਂ ਦੀ ਖ਼ਬਰ ਦਾ ਮਰਮ

Facebook

Tuesday, January 12, 2010

ਜਸਵੀਰ ਹੁਸੈਨ ਦੀਆਂ ਨਵੀਆਂ ਰਚਨਾਵਾਂ

ਪੇਸ਼-ਏ-ਨਜ਼ਰ ਹੈ ਜਸਵੀਰ ਹੁਸੈਨ ਦੀਆਂ ਨਵੀਆਂ ਰਚਨਾਵਾਂ।
ਉਮੀਦ ਹੈ ਕਿ ਪੜ੍ਹ ਕੇ ਢੁੱਕਵੀਂ ਟਿੱਪਣੀ ਵੀ ਜ਼ਰੂਰ ਦਿਓਗੇ ਜੀ।
---
ਜੀਵਨ
--
ਜੀਵਨ
ਸਿਫ਼ਰ ਤੋਂ ਸਫ਼ਰ ਦੇ ਰਾਹ
ਨਿਸ਼ਬਦ ਤੋਂ ਸ਼ਬਦ
ਬੀਜ ਤੋਂ ਬੂਟਾ
ਬੁੰਦ ਤੋਂ ਸਾਗਰ ਹੁੰਦਾ ਹੋਇਆ
ਨਿਰੰਤਰ
ਲਗਾਤਾਰ
ਆਦਿ ਤੋਂ ਅੰਤ
ਤੇ
ਫਿਰ
ਅੰਤ ਤੋਂ
ਅਨੰਤ ਹੋਣ ਤੱਕ...
----
ਗ਼ਜ਼ਲ
-
ਬੀਤ ਚੁੱਕੇ ਵਕਤ ਨੂੰ ,ਮੁੜਕੇ ਲਿਆਵਾਂ ਕਿਸ ਤਰ੍ਹਾਂ।
ਹਿਜਰ ਦੇ ਵਿੱਚ ਦਿਲ ਤੜਪਦੇ ਨੂੰ ਵਰਾਵਾਂ ਕਿਸ ਤਰ੍ਹਾਂ।
-
ਜੋ ਕਹਾਂਗਾ ,ਸੋ ਕਰੇਂਗਾ ,ਇਹ ਕਿਹਾ ਸੀ ਤੁੰ ਹਜ਼ੂਰ,
ਹੁਣ ਕਹੇ,ਰਾਹਾਂ 'ਚ ਮੈਂ ਤਾਰੇ ਵਿਛਾਵਾ ਕਿਸ ਤਰ੍ਹਾਂ।
-
ਮੈਂ ਸਮੁੰਦਰ ਨੂੰ ਕਿਹਾ ਕਿ ਲੀਲ ਲੈ ਹੰਝੂ ਮੇਰੇ,
ਉਸ ਕਿਹਾ ਕਿ ਇਹ ਸਮੰਦਰ ਮੈਂ ਲੁਕਾਵਾਂ ਕਿਸ ਤਰ੍ਹਾਂ।
-
ਨਾਲ ਤੇਰੇ ਜੀਣ ਦੇ ਮੈਂ ਖ਼ਾਬ ਤੱਕ ਭੁਲਿਆ ਨਹੀਂ,
ਹੈ ਹਕੀਕਤ ਤੁੰ,ਤਾਂ ਦੱਸ,ਤੈਨੂੰ ਭੁਲਾਵਾਂ ਕਿਸ ਤਰ੍ਹਾਂ।
-
ਦਰਦ ਦਿਲ ਦਾ ਲਿਖਣ ਤੋਂ ਹੀ ਵਿਹਲ ਬਸ ਮਿਲਦੀ ਨਹੀਂ,
ਗ਼ਜ਼ਲ ਦੇ ਵਿੱਚ ਬਹਿਰ ਦੇ ਨੁਕਤੇ ਲਿਆਵਾਂ ਕਿਸ ਤਰ੍ਹਾਂ
-
Share:

Saturday, October 10, 2009

ਗੁਰਪਰੀਤ ਗਿੱਲ ਦੀ ਨਵੀਂ ਨਜ਼ਮ

ਪਰਾਪਤੀ
----
ਤੇਰਾ ਚੁੱਪ-ਚਾਪ
ਸ਼ਬਦਾ ਦੇ ਅਰਥਾਂ'ਚ
ਸ਼ਾਮਲ ਹੋ ਜਾਣਾ..
ਕਿਤੇ ਮੇਰੀ ਕਾਵਿ-ਰਚਨਾ ਤਾਂ ਨਹੀਂ-

ਤੇਰੇ ਨੈਣ-ਨਕਸ਼ਾਂ ਦਾ
ਮੇਰੇ ਚਿਹਰੇ'ਤੇ
ਦੱਬੇ-ਕਦਮੀਂ ਉਤਰ ਅਉਣਾ..
ਕਿਤੇ ਮੇਰੀ ਪਹਿਚਾਣ ਤਾਂ ਨਹੀਂ-

ਤੇਰਾ ਆਪ-ਮੁਹਾਰੇ
ਮੇਰੇ ਡੁੱਲੇ 'ਤੇ ਬੇਖਬਰ
ਰੰਗਾਂ'ਚ ਰੰਗੇ ਜਾਣਾ..
ਕਿਤੇ ਮੇਰੀ ਕਲਪਨਾ ਤਾਂ ਨਹੀ-

ਤੇਰਾ ਅੰਤਰਮਨ ਦੀਆਂ

ਪੌੜੀਆ ਉਤਰ
ਚਿੰਤਨ 'ਚ ਸ਼ਾਮਲ ਹੋਣਾ..
ਕਿਤੇ ਮੇਰੀ ਸਾਧਨਾ ਤਾਂ ਨਹੀਂ-

ਤੇਰਾ ਹਵਾ ਦੇ ਝੌਂਕੇ ਵਾਂਗ
ਛੂਹ ਜਾਣਾ,
ਕੰਬਣ-ਸੁਰਾਂ ਜਗਾ ਦੇਣਾ..
ਕਿਤੇ ਮੇਰਾ ਵਹਿਮ ਤਾਂ ਨਹੀਂ-

ਤੇਰਾ ਤੁਰਦੇ -ਤੁਰਦੇ
ਵਿਦਾਇਗੀ ਦੇਣਾ
'ਤੇ
ਮੇਰਾ 'ਅਲਵਿਦਾ'ਆਖ ਦੇਣਾ..
ਕਿਤੇ ਮੇਰੀ ਪਰਾਪਤੀ ਤਾਂ ਨਹੀਂ-

-ਗੁਰਪਰੀਤ ਗਿੱਲ
gillgurpreet14@yahoo.ca
Share:

Saturday, September 12, 2009

ਜਸਵੀਰ ਹੁਸੈਨ ਦੀ ਇਕ ਨਜ਼ਮ


ਜਸਵੀਰ ਹੁਸੈਨ ਪਿਛਲੇ ਕਾਫ਼ੀ ਸਮੇਂ ਤੋਂ All India Radio ਨਾਲ ਜੁੜੇ ਹੋਏ ਨੇ।ਜਲੰਧਰ ਦੇ ਆਸ ਪਾਸ ਦੀਆਂ ਸਾਹਿਤਿਕ ਗਤੀਵਿਧੀਆਂ ਵਿੱਚ ਸ਼ਾਮਿਲ ਹੁੰਦੇ ਹਨ।ਕਵਿਤਾ ਤੇ ਗ਼ਜ਼ਲ ਲਿਖਦੇ ਨੇ ਤੇ ਅੱਜ ਪੇਸ਼ ਹੈ ਉਨ੍ਹਾਂ ਦੀ ਇਕ ਤਾਜ਼ਾ ਨਜ਼ਮ ।

---

ਘਰ ਦਾ ਨਾ ਘਾਟ ਦਾ

....

ਅਕਸਰ

ਮੈਂ ਤਲਾਸ਼ਦਾ

ਘਰ ਵਿੱਚੋਂ ਘਰ

ਪਰ

ਘਰ ਵਿੱਚੋਂ ਘਰ ਵਰਗਾ

ਕੁਝ ਵੀ ਨਹੀਂ ਲੱਭਦਾ

ਘੋਖਣ

ਸੋਚਣ

ਪਰਖਣ

ਨਿਰਖਣ

ਤੋਂ ਬਾਅਦ ਵੀ

ਉੱਤਰ ਨਹੀਂ ਲੱਭਦਾ

ਕਿ

ਘਰ ਦੇ ਘਰ ਨਾ ਹੋਣ ਵਿੱਚ

ਕਾਸ ਦੀ ਘਾਟ ਏ

...

ਅਖੀਰ ਰਹਿ ਜਾਂਦਾ ਹਾਂ

ਘਰ ਦਾ

ਨਾ ਘਾਟ ਦਾ ।
Share:

Monday, August 24, 2009

ਰਚਨਾਵਾਂ ਭੇਜੋ

ਦੋਸਤੋ, ਤੁਹਾਨੂੰ ਇਹ ਜਾਣ ਕੇ ਖ਼ੁਸ਼ੀ ਹੋਵੇਗੀ ਕਿ ਸ਼ਬਦ ਮੰਡਲ ਵੱਲੋਂ ਪੰਜਾਬੀ ਵਿੱਚ ਇਕ ਪੱਤਰਕਾ ਪਰਕਾਸ਼ਤ ਕਰਨ
ਦੀ ਯੋਜਨਾ ਬਣਾਈ ਗਈ ਹੈ। ਪੱਤਰਕਾ ਲਈ ਤੁਹਾਡੇ ਕੋਲੋਂ ਰਚਨਾਤਮਕ ਸਹਿਯੋਗ ਦੀ ਆਸ ਹੈ। ਰਚਨਾ ਸਾਹਿਤ ਦੀ
ਕਿਸੇ ਵੀ ਵਿਧਾ ਵਿੱਚ ਹੋ ਸਕਦੀ ਹੈ। ਆਪਣੀਆਂ ਮੌਲਿਕ ਰਚਨਾਵਾਂ ਸ਼ਬਦ ਮੰਡਲ ਦੇ ਪਤੇ ਤੇ ਭੇਜੋ।
shabadm@gmail.com
Share:

Thursday, April 02, 2009

ਅੱਖਰ 'ਚ ਹਿੰਦੀ ਕਵੀ

ਪ੍ਰਮਿੰਦਰਜੀਤ ਪੰਜਾਬੀ ਦੇ ਪ੍ਰਮੁੱਖ ਕਵੀਆਂ ਵਿੱਚੋਂ ਹਨ। ਆਪਣੀ ਪੱਤਰਕਾ 'ਅੱਖਰ' ਰਾਹੀਂ ਵੀ ਉਹ ਆਪਣਾ ਕਾਵਿ ਕਰਮ ਜਿੰਮੇਵਾਰੀ ਨਾਲ ਨਿਭਾਉਂਦੇ ਰਹਿੰਦੇ ਨੇ। ਹਿੰਦੀ ਅਤੇ ਹੋਰਨਾਂ ਭਾਰਤੀ ਭਾਸ਼ਾਵਾਂ ਦੇ ਕਵੀਆਂ ਦੀਆਂ ਰਚਨਾਵਾਂ ਨੂੰ ਪੰਜਾਬੀ ਵਿੱਚ ਉਲਥਾ ਕੇ ਛਾਪਣਾ ਵੀ ਉਹਨਾਂ ਦੇ ਮਹੱਤਵਪੂਰਨ ਕੰਮਾਂ ਵਿੱਚੋਂ ਇੱਕ ਹੈ। ਅੱਖਰ ਦੇ ਤਾਜ਼ੇ ਅੰਕ ਵਿੱਚ ਇਸ ਵਾਰ ਹਿੰਦੀ ਕਵੀ ਗੀਤ ਚਤੁਰਵੇਦੀ ਦੀਆਂ ਕਵਿਤਾਵਾਂ ਹਨ, ਉਹਨਾਂ ਦੇ ਸਵੈਕਥਨ ਸਮੇਤ। ਨਾਲ ਪ੍ਰਮਿੰਦਰਜੀਤ ਹੁਰਾਂ ਦੀ ਟਿੱਪਣੀ ਵੀ ਹੈ- 'ਮੈਂ ਆਪਣੇ ਕੁਝ ਸ਼ਾਇਰ ਦੋਸਤਾਂ ਨੂੰ ਇਹ ਨਜ਼ਮਾਂ ਪੜ੍ਹ ਕੇ ਆਪਣੀ ਕਾਵਿਕਤਾ ਦਾ ਸਵੈ ਮੁਲਅੰਕਣ ਕਰਨ ਦੀ ਸਲਾਹ ਦਿਆਂਗਾ....'
ਖੈਰ, ਤੁਸੀਂ ਗੀਤ ਚਤੁਰਵੇਦੀ ਹੁਰਾਂ ਦਾ ਬਲੌਗ ਵਿਜ਼ਿਟ ਕਰੋ।
Share:

Monday, March 30, 2009

ਮੈਂ ਰੇਪ ਨੂੰ ਇੰਜੁਆਏ ਕਰਦੀ ਹਾਂ 'ਤੇ ਗੋਸ਼ਟੀ

ਸੁਖਜੀਤ ਪੰਜਾਬੀ ਦਾ ਚਰਚਿਤ ਕਹਾਣੀਕਾਰ ਹੈ। ਆਪਣੇ ਪਹਿਲੇ ਕਹਾਣੀ ਸੰਗ੍ਰਿਹ ਅੰਤਰਾ ਨਾਲ ਹੀ ਉਹ ਚਰਚਾ ਵਿੱਚ ਆ ਗਿਆ ਸੀ। ਆਪਣੀ ਦੂਜੇ ਕਹਾਣੀ ਸੰਗ੍ਰਹਿ ਮੈਂ ਰੇਪ ਨੂੰ ਇੰਜੁਆਏ ਕਰਦੀ ਹਾਂ ਨਾਲ ਹੁਣ ਉਹ ਫਿਰ ਚਰਚਾ ਵਿੱਚ ਹੈ। 8 ਮਾਰਚ ਨੂੰ ਸ਼ਬਦ ਮੰਡਲ ਵੱਲੋਂ ਸੁਖਜੀਤ ਦੀ ਦੂਜੀ ਪੁਸਕਤ ਉੱਤੇ ਦੇਸ਼ ਭਗਤ ਯਾਦਗਾਰ ਹਾਲ ਵਿੱਚ ਗੋਸ਼ਟੀ ਕਰਵਾਈ ਗਈ। ਪੂਰੀ ਰਿਪੋਰਟ ਪੜ੍ਹਨ ਲਈ ਕਲਿੱਕ ਕਰੋ। ਅਗਲੀ ਪੋਸਟ ਵਿੱਚ ਤੁਸੀਂ ਸੁਖਜੀਤ ਦੀ ਕਹਾਣੀ ਮੈਂ ਰੇਪ ਨੂੰ ਇੰਜੁਆਏ ਕਰਦੀ ਹਾਂ ਪੜ੍ਹੋਗੇ।


Share:

Thursday, March 12, 2009


ਬਲਵਿੰਦਰ ਪ੍ਰੀਤ ਨੂੰ ਪਾਠਕ ਦੇ ਤੌਰ ਤੇ ਕਵਿਤਾ ਨਾਲ ਜੁੜਿਆਂ ਨੂੰ ਕਈ ਵਰੇ੍ ਹੋ ਗਏ ਨੇ ਪਰ ਕਵਿਤਾ ਸਿਰਜਕ ਦੇ ਰੂਪ 'ਚ ਉਹ ਕੁਝ ਦੇਰ ਪਹਿਲਾਂ ਹੀ ਪਾਠਕਾਂ ਦੇ ਰੂ-ਬ-ਰੂ ਹੋਏ ਨੇ।ਅਸੀਂ ਸ਼ਬਦਮੰਡਲ ਦੇ ਪਾਠਕਾਂ ਨਾਲ ਉਨਾਂ ਦੀਆਂ ਰਚਨਾਵਾਂ ਸਾਂਝੀਆਂ ਕਰ ਕੇ ਖੁਸ਼ੀ ਮਹਿਸੂਸ ਕਰ ਰਹੇ ਹਾਂ।

---
੧ -ਡਰ
--
ਬੇਲੋੜੇ ਪ੍ਰਤੀਕਾਂ ਦੀ
ਕਿਆਰੀ ਵਿੱਚ
ਪੁੰਗਰਦੀ ਕਵਿਤਾ
ਸੋਚਦੀ ਹੋਵੇਗੀ
ਕਿ......
ਮੇਰਾ ਜਨਮ
ਹੁਣ ਆਮ ਆਦਮੀ ਲਈ
ਨਾ ਹੋ ਕੇ
ਸਿਰਫ਼
ਆਲੋਚਕਾਂ ਜਾਂ ਫ਼ਿਰ
ਉੱਘੇ ਵਿਦਵਾਨਾਂ ਦੇ
ਚਿੰਤਨ ਵਾਸਤੇ ਹੀ
ਰਹਿ ਗਿਆ ਹੈ.....
-----------------
੨ -ਨਿਸ਼ਾਨ
---
ਹਾਂ ਅੱਜ ਵੀ ਮੌਜੂਦ ਨੇ
ਮੇਰੇ ਘਰ ਦੀ ਪਿਛਲੀ ਕੰਧ 'ਤੇ
ਤੇਰੇ ਨੌਹਾਂ ਦੇ ਨਿਸ਼ਾਨ
ਜਿਹੜੇ ਆਤਮਾ ਦੀ ਤ੍ਰਿਪਤੀ ਲਈ
ਸਿਖਰ 'ਤੇ ਪਹੁੰਚ ਕੇ
ਤੇਰੇ ਅੰਦਰ ਦੀ ਤੜਫ਼ ਤੇ
ਮੰਜਿਲ ਸਰ ਕਰ ਜਾਣ
ਦਾ ਅਹਿਸਾਸ ਸਨ।
-----------
੩ -ਕੇਂਦਰਿਤ
---
ਤੇਰਾ ਪਾਠ ਕਰਦਿਆਂ
ਹੇ ਕਵਿਤਾ!
ਮੈਨੂੰ ਧੁਰ ਅੰਦਰੌਂ
ਮਹਿਸੂਸ ਹੁੰਦਾ ਹੈ
ਤੂੰ ਮੇਰਾ ਹਾਣ ਨਹੀਂ
ਤੇਰਾ ਪਰਾਇਆ ਹਾਣ
ਹੋਣ ਦਾ ਅਹਿਸਾਸ
ਪੀੜਾ ਦਾਇਕ ਹੈ
ਪਰ.......
ਇਹ ਪੀੜਾ ਵੀ ਇੱਕ
ਆਨੰਦ ਮਈ ਅਹਿਸਾਸ
ਕਰਾਉਂਦੀ ਹੈ
ਕਿ ਤੂੰ ਮੇਰੀ ਕਲਪਨਾ
ਮੈਂ ਤੇਰੀ ਕਲਪਨਾ ਵਿੱਚ
ਕੇਂਦਰਿਤ ਹਾਂ।
------
Share:

Monday, February 23, 2009

ਗੁਰਪ੍ਰੀਤ ਦੀ ਇਕ ਕਵਿਤਾ

ਗੁਰਪ੍ਰੀਤ ਨਵੀਂ ਪੰਜਾਬੀ ਕਵਿਤਾ ਦਾ ਪ੍ਰਤੀਨਿਧ ਹਸਤਾਖਰ ਹੈ। ਹੁਣ ਤੱਕ ਉਸਦੀਆਂ ਦੋ ਕਾਵਿ ਪੁਸਤਕਾਂ ਸ਼ਬਦਾਂ ਦੀ ਮਰਜ਼ੀ ਅਤੇ ਅਕਾਰਨ ਪਰਕਾਸ਼ਤ ਹੋ ਚੁੱਕੀਆਂ ਹਨ। ਪੇਂਟਿੰਗ ਵਿੱਚ ਗਹਿਰੀ ਰੁਚੀ ਰਖਦੇ ਹਨ।

ਮਾਂ ਬੋਲੀ * ਗੁਰਪ੍ਰੀਤ
ਮਾਂ ਬੋਲੀ
ਮੇਰੇ ਵਿਸ਼ਵਾਸ਼ ਦੀ ਧਰਤ
ਜਿਸ 'ਤੇ ਮੈਂ ਮੜ੍ਹਕ ਨਾਲ ਤੁਰਾਂ
ਉਥੇ ਜਾਵਾਂ
ਜਿਥੇ ਸੁਫਨੇ ਕਹਿਣ
ਮਾਂ ਬੋਲੀ ਆਲ੍ਹਣਾ ਜਗ ਦੀ ਟਹਿਣੀ
ਚੋਗ ਚੁਗਣ ਕਿਤੇ ਵੀ ਜਾਵਾਂ
ਆਥਣ ਵੇਲੇ ਅੰਦਰ ਇਹਦੇ
ਮੁੜ ਆਣ ਸੌਂਵਾਂ
ਮਾਂ ਬੋਲੀ
ਚੁਲ੍ਹੇ ਦੁਆਲੇ ਟੱਬਰ
ਛਟੀਆਂ ਦੀ ਅੱਗ
ਫੁਲਦੀ ਰੋਟੀ
ਛੰਨੇ 'ਚ ਘਿਉ ਸ਼ੱਕਰ ?
ਮਾਂ ਬੋਲੀ
ਸਾਹ ਆਉਂਦੇ ਜਾਂਦੇ
ਮੇਰੇ ਕੋਲ ਪੜ੍ਹਦੇ ਬੱਚਿਆਂ ਦੇ
ਝੱਗੇ ਭਾਵੇਂ ਪਾਟੇ
ਬੈਠਣ ਤੱਪੜ
ਰਾਜੇ ਉਹ ਆਪਣੇ ਆਪ ਦੇ
ਮਾਂ ਬੋਲੀ 'ਚ ਗੱਲ ਜਿਹੜੀ
ਮਾਂ ਨਾਲ ਕਰਾਂ
ਧੁਰ ਅੰਦਰ ਉਤਰਾਂ
ਕਵਿਤਾ ਸੁਣਦਿਆਂ
ਮਾਂ ਬੋਲੀ 'ਚ
ਧੀ ਮੇਰੀ ਸ਼ਰਾਰਤਨ
ਵਾਹ ਵਾਹ ਕਹੇ
ਪੁੱਤ ਲੋਟਣੀਆਂ ਪੁਠੀਆਂ ਲਾਵੇ
ਕਰੇ ਕਲੋਲਾਂ
ਮਾਂ ਬੋਲੀ 'ਚ
ਨਾਲ ਦੀ ਮੇਰੇ
ਕੋਈ ਗੱਲ ਕਹੇ
ਲਾਜਵੰਤੀ ਦੇ ਪੱਤਿਆਂ ਵਾਂਗ ਸੰਙੇ
ਮਾਂ ਬੋਲੀ ਤੋਂ ਬਾਹਰ
ਮੈਂ ਕੁਝ ਵੀ ਨਹੀਂ
ਮਾਂ ਬੋਲੀ 'ਚ ਸਭ ਕੁਝ ।।
Share:

Sunday, February 15, 2009

ਸਾਰਾ ਆਲਮ ਪਰਾਇਆ ਲਗਦਾ ਹੈ

ਉਲਫ਼ਤ ਬਾਜਵਾ ਦਰਵੇਸ਼ ਸ਼ਾਇਰ ਸੀ। ਮੈਂ ਉਹਦੇ ਸਿਰੜੀ ਸੁਭਾਅ ਦੀ ਕਦਰ ਕਰਦਾ ਰਿਹਾ ਹਾਂ। ਉਸਨੇ ਗ਼ਜ਼ਲ ਦਾ ਮੋਹ ਪਾਲਿਆ ਤੇ ਉਸਨੂੰ ਆਖ਼ਰੀ ਸਾਹ ਤਕ ਨਿਭਾਇਆ। ਪੰਜਾਬੀ ਗ਼ਜ਼ਲ ਦੀ ਸਥਾਪਤੀ ਲਈ ਉਸ ਨੇ ਸਿਰਤੋੜ ਯਤਨ ਕੀਤੇ। ਜਿਥੇ ਉਹ ਉਸਤਾਦ ਸ਼ਾਇਰ ਸੀ ਉਥੇ ਉਸਦੀ ਸ਼ਾਇਰੀ ਸਾਰੇ ਸਮਾਜਿਕ ਸਰੋਕਾਰਾਂ ਨੂੰ ਨਾਲ ਲੈ ਕੇ ਚਲਦੀ ਹੈ। ਇਹ ਪਾਠਕ ਨਾਲ ਬਿਨਾ ਕਿਸੇ ਉਚੇਚ ਦੇ ਸਿੱਧਾ ਰਾਬਤਾ ਕਾਇਮ ਕਰਦੀ ਹੈ।
ਡਾ ਜਗਤਾਰ
----
ਗ਼ਜ਼ਲ/ਉਲਫ਼ਤ ਬਾਜਵਾ
ਸਾਰਾ ਆਲਮ ਪਰਾਇਆ ਲਗਦਾ ਹੈ।
ਜਾਣ ਦਾ ੳਕਤ ਆਇਆ ਲਗਦਾ ਹੈ।

ਦਿਲ ਜੋ ਤੇਰਾ ਕਿਤੇ ਨਹੀਂ ਲਗਦਾ,
ਤੂੰ ਕਿਤੇ ਦਿਲ ਲਗਾਇਆ ਲਗਦਾ ਹੈ।

ਪਿਆਰ ਦੀ ਬੂੰਦ ਤਕ ਨਹੀਂ ਮਿਲਦੀ,
ਦਿਲ ਯੁਗਾਂ ਦਾ ਤਿਆਇਆ ਲਗਦਾ ਹੈ।

ਖ਼ਾਬ ਲਗਦਾ ਏ ਹੁਣ ਵਜੂਦ ਆਪਣਾ,
ਉਡਦੇ ਪੰਛੀ ਦਾ ਸਾਇਆ ਲਗਦਾ ਹੈ।

ਆਣ ਬੈਠਾਂ ਏਂ ਜੀਂਦੇ ਜੀ ਕਬਰੀਂ
ਤੈਨੂੰ ਜਗ ਨੇ ਸਤਾਇਆ ਲਗਦਾ ਹੈ।

ਲਭਦਾ ਫਿਰਦਾ ਏਂ ਮਸਤ ਨਜ਼ਰਾਂ 'ਚੋਂ
ਤੂੰ ਕਿਤੇ ਦਿਲ ਗੁਆਇਆ ਲਗਦਾ ਹੈ।

ਨਾ ਸੁਨੇਹਾ ਨਾ ਕੋਈ ਖ਼ਤ ਉਲਫ਼ਤ
ਉਸ ਨੇ ਤੈਨੂੰ ਭੁਲਾਇਆ ਲਗਦਾ ਹੈ।

----------------------------------------------------------------------------

ਉਲਫਤ ਬਾਜਵਾ ਯਾਦ ਸਮਾਰੋਹ 22 ਫਰਵਰੀ ਨੂੰ
ਪੰਜਾਬੀ ਦੇ ਉਸਤਾਦ ਸ਼ਾਇਰ ਉਲਫ਼ਤ ਬਾਜਵਾ ਦੀ ਯਾਦ ਵਿੱਚ ਇੱਕ ਸਮਾਗਮ 22 ਫਰਵਰੀ ਨੂੰ ਵਿਰਸਾ ਵਿਹਾਰ ਵਿਖੇ ਆਯੋਜਿਤ ਕੀਤਾ ਜਾ ਰਿਹਾ ਹੈ। ਇੱਸ ਮੌਕੇ ਤੇ ਬਾਜਵਾ ਜੀ ਦਾ ਦੂਜਾ ਗ਼ਜ਼ਲ ਸੰਗ੍ਰਹਿ 'ਸਾਰਾ ਆਲਮ ਪਰਾਇਆ ਲੱਗਦਾ ਹੈ' ਰਿਲੀਜ਼ ਕੀਤਾ ਜਾਵੇਗਾ। ਇਸ ਮੌਕੇ ਪਹਿਲਾ ਉਲਫਤ ਬਾਜਵਾ ਪੰਜਾਬੀ ਗ਼ਜ਼ਲ ਪੁਰਸਕਾਰ ਜਨਾਬ ਅਮਰਨਾਥ ਕੌਸਤੁਭ ਨੂੰ ਪ੍ਰਦਾਨ ਕੀਤਾ ਜਾਵੇਗਾ।

ੋਸ
Share:

Thursday, January 29, 2009

ਦੇਸ ਰਾਜ ਕਾਲੀ ਦਾ ਨਾਵਲ 'ਪਰਣੇਸ਼ਵਰੀ'

ਦੇਸ ਰਾਜ ਕਾਲੀ ਪੰਜਾਬੀ ਦਾ ਚਰਚਿਤ ਲੇਖਕ ਹੈ। ਪਰਣੇਸ਼ਵਰੀ ਉਸਦਾ ਪਲੇਠਾ ਨਾਵਲ ਹੈ। ਦਲਿਤ/ਦਮਿਤ/ਹਾਸ਼ਿਆਕ੍ਰਿਤ ਸਮਾਜ ਦੀ ਵੇਦਨਾ, ਵਿਥਿਆ ਤੇ ਵਾਸਤਵਿਕਤਾ ਨੂੰ ਪਹਿਚਾਣਦਾ ਇਹ ਬਿਰਤਾਂਤ ਇਤਿਹਾਸ ਚੋਂ ਵਰਤਮਾਨ ਅਤੇ ਵਰਤਮਾਨ ਚੋਂ ਇਤਿਹਾਸ ਪਹਿਚਾਨਣ ਵੱਲ ਰੁਚਿਤ ਹੈ। ਉਹ ਪਰਚੱਲਤ ਮਿੱਥਾਂ, ਵਿਸ਼ਵਾਸ਼ਾਂ ਤੇ ਪਰਭਵਾਂ ਨੂੰ ਤੋੜਦਾ ਹੈ। ਉਸਦੀ ਤੋੜਨ ਵਿਧੀ ਬੁੱਤ-ਸ਼ਿਕਨੀ ਦੀ ਨਹੀਂ, ਸਗੋਂ ਸੰਵਾਦ ਦੀ ਏ। ਉਹ ਪਰੰਪਰਾ ਨਾਲ ਸੰਵਾਦ ਰਚਾਉਂਦਾ ਹੈ ਤੇ ਵਰਤਮਾਨ ਨਾਲ ਪਰਵਚਨ। ਆਪਣੇ ਸ਼ਹਿਰ ਜਲੰਧਰ ਬਾਰੇ ਪਰਚੱਲਤ ਰਾਖਸ਼ਸ਼ ਦੀ ਮਿੱਥ ਨੂੰ ਤੋੜ ਕੇ ਉਹ ਕਨਿਸ਼ਕ ਦੇ ਸਮੇਂ ਦੇ ਬੋਦੀ ਭਿਕਸ਼ੂ ਜਲੰਧਰ ਨਾਲ ਜੋੜਦਾ ਹੈ ਤੇ ਵਰਤਮਾਨ ਦੇ ਵਰਿੰਦਾ ਮੰਦਿਰ ਦੀ ਖੁਦਾਈ ਚੋਂ ਨਿਕਲੀ ਜਲੰਧਰ ਰਾਖਸ਼ਸ਼ ਦੀ ਮੂਰਤੀ ਨੂੰ ਬ੍ਰਾਹਮਣੀ ਛੜਯੰਤਰ ਗਰਦਾਨਦਾ ਹੈ। ਵਿੱਦਿਆ ਪਰਾਪਤੀ ਦੇ ਗਿਆਨ ਦੀ ਜਗਿਆਸਾ ਨੂੰ ਉਹ ਮੁਕਤੀ ਦਾ ਸਾਧਨ ਮੰਨਦਾ ਹੋਇਆ ਪਰਣੇਸ਼ਵਰੀ ਦੇ ਕਮਲ ਿਸੰਘਾਸਨ ਹੇਠ ਦੱਬਆ ਦਿਖਾਇਆ ਗਿਆ ਹੈ। ਗਣਪਤੀ ਦੇ ਇੱਕ ਹੱਥ ਵਿੱਚ ਲਹੂ ਲਿਬੜੀ ਤਲੳਾਰ ਸੀ, ਜੂਜੇ ਹੱਥ ਵਿੱਚ ਚਿੱਬ ਖੜੱਬੀ ਢਾਲ। ਨਾਇਕ ਵੱਲੋ. ਇਸ ਮੂਰਤੀ ਨੂੰ ਆਪਣੇ ਪ੍ਹਨ ਵਾਲੇ ਕਮਰੇ ਵਿੱਚ ਸਥਾਪਿਤ ਕਰਨ ਦਾ ਬਿੰਬ ਬੜਾ ਸ਼ਕਤੀਸ਼ਾਲੀ ਹੈ। ਨਵੇਂ ਮੂੰਹ ਮੁਹਾਂਦਰੇ ਵਾਲੇ ਇਸ ਬਿਰਤਾਂਤ ਨੂੰ ਪੜ੍ਹਨ ਵਾਸਤੇ ਮੈਂ ਪਰਣੇਸ਼ਵਰੀ ਨੂੰ ਖ਼ੁਸ਼ਾਮਦੀਦ ਕਹਿੰਦਾ ਹੈ।
-ਮਨਮੋਹਨ
ਪਰਣੇਸ਼ਵਰੀ (ਪੂਰਾ ਨਾਵਲ ਪੜ੍ਹਨ ਲਈ ਕਲਿੱਕ ਕਰੋ)
Share:

Tuesday, January 27, 2009

ਰੀਤੂ ਕਲਸੀ ਦੀ ਨਵੀਂ ਕਹਾਣੀ

ਸ਼ਬਦ ਮੰਡਲ ਵੱਲੋਂ ਇਸ ਵਾਰ ਤੋਂ ਹਰ ਹਫ਼ਤੇ ਇੱਕ ਵਿਸ਼ੇਸ਼ ਕਵੀ ਦੀਆਂ ਪੰਜ ਰਚਨਾਵਾਂ ਪੇਸ਼ ਕਰਨ ਦੀ ਯੋਜਨਾ ਬਣਾਈ ਗਈ ਹੈ। ਇਸਦੇ ਤਹਿਤ ਤੁਸੀਂ ਕਿਸੇ ਇੱਕ ਕਵੀ ਦੀਆਂ ਪੰਜ ਕਵਿਤਾਵਾਂ ਪੜ੍ਹ ਸਕਿਆ ਕਰੋਗੇ। ਇਸ ਲਈ ਨੌਜਵਾਨ ਕਵੀਆਂ ਨੂੰ ਬੇਨਤੀ ਹੈ ਕਿ ਉਹ ਆਪਣੀਆਂ ਤਾਜ਼ਾ ਪੰਜ ਰਚਨਾਵਾਂ ਭੇਜਣ ਤਾਂ ਕਿ ਅਗਲੇ ਹਫ਼ਤੇ ਉਹਨਾਂ ਨੂੰ ਪਾਠਕਾਂ ਨਾਲ ਸਾਂਝਾਂ ਕੀਤਾ ਜਾ ਸਕੇ।
ਇਸ ਵਾਰ ਪੇਸ਼ ਹੈ ਪੰਜਾਬੀ ਦੀ ਨੌਜਵਾਨ ਕਹਾਣੀਕਾਰ ਰੀਤੂ ਕਲਸੀ ਸੀ ਨਵੀਂ ਕਹਾਣੀ -ਆਂਟੀ- ਇਹ ਕਹਾਣੀ ਪੰਜਾਬੀ ਦੀ ਚਰਚਿਤ ਪੱਤਰਕਾ 'ਕਹਾਣੀ ਪੰਜਾਬ' ਦੇ ਜਨਵਰੀ-ਮਾਰਚ-2009 ਅੰਕ ਵਿੱਚ ਪਕਾਸ਼ਤ ਹੋਈ ਹੈ।


ਕਹਾਣੀ

...'ਤੂੰ ਆਪ ਝੱਲੀ ਏਂ, ਦੂਜਿਆਂ ਨੂੰ ਵੀ ਕਰ ਰਹੀ ਏਂ। ਲੱਗਦੈ ਤੁਹਾਨੂੰ ਇੱਕ ਵਾਰ ਫੇਰ ਹਨੀਮੂਨ 'ਤੇ ਭੇਜਣਾ ਪਊ।'
'ਸ਼ਰਮ ਕਰੋ।'
'ਲੈ ਹੁਣੇ ਤਾਂ ਪੂਜਾ-ਪਾਠ ਦੀਆਂ ਗੱਲਾਂ ਕਰਦੀ ਪਈ ਸੈਂ ਤੇ ਹੁਣੇ ਸ਼ਰਮਾਉਣ ਲੱਗ ਪਈ ਏਂ। ਠਹਿਰ ਮੈਂ ਹੁਣੇ ਗੱਲ ਕਰਕੇ ਆਉਂਨੀ ਆਂ.....।' (ਕਹਾਣੀ ਵਿੱਚੋਂ)

Share:

Saturday, January 17, 2009

ਗ਼ਜ਼ਲ

ਪੇਸ਼ੇ ਵਜੋਂ ਸਰਕਾਰੀ ਮੁਲਾਜ਼ਮ ਜਸਵਿੰਦਰ ਮਹਿਰਮ 'ਸੰਧੂ ਗ਼ਜ਼ਲ ਸਕੂਲ' ਦੇ
ਮੌਜੂਦਾ ਜਾਨਸ਼ੀਨ ਹਨ ।ਪੰਜਾਬੀ ਦੇ ਵੱਖ ਵੱਖ ਸਾਹਿਤਕ ਰਸਾਲਿਆਂ ਵਿਚ
ਲਗਾਤਾਰ ਛਪ ਰਹੇ ਹਨ ।ਪੁਖਤਾ ਗ਼ਜ਼ਲ ਲਿਖਦੇ ਹਨ ...
------
ਕੋਸ਼ਿਸ਼ ਕਰੀਂ...
---
ਅਪਨਾ ਗਿਲਾ , ਮੇਰੀ ਖਤਾ, ਭੁੱਲ ਜਾਣ ਦੀ ਕੋਸ਼ਿਸ਼ ਕਰੀਂ
ਭੁੱਲੇ ਵਫ਼ਾ ਦੇ ਗੀਤ ਨੂੰ ਫਿਰ ਗਾਣ ਦੀ ਕੋਸ਼ਿਸ਼ ਕਰੀਂ
----
ਉਸਦੀ ਵਫ਼ਾ ਨਾ ਹੋਰ ਹੁਣ, ਅਜ਼ਮਾਣ ਦੀ ਕੋਸ਼ਿਸ਼ ਕਰੀਂ
ਅਪਨੇ ਗ਼ਮਾਂ ਦੇ ਨਾਲ ਦਿਲ, ਬਹਿਲਾਣ ਦੀ ਕੋਸ਼ਿਸ਼ ਕਰੀਂ
---
ਪੱਕਾ ਠਿਕਾਣਾ ਵੀ ਬਣਾ ਬੇਸ਼ੱਕ ਬਿਗਾਨੇ ਦੇਸ਼ ਵਿੱਚ
ਫਿਰ ਵੀ ਕਦੇ ਪਰਦੇਸੀਆ ਮੁਣ ਆਣ ਦੀ ਕੋਸ਼ਿਸ਼ ਕਰੀਂ
---
ਬੱਚਾ ਜਦੋਂ ਵੀ ਆਪਣਾ ਭੁੱਲ ਕੇ ਕੁਰਾਹੇ ਜਾ ਪਵੇ
ਲਾਗੇ ਬਿਠਾ ਕੇ ਉਸਨੂੰ ਸਮਝਾਣ ਦੀ ਕੋਸ਼ਿਸ਼ ਕਰੀਂ
---
ਅਪਨੇ ਗ਼ਮਾਂ ਨੂੰ ਸੋਗ ਨੂੰ ਦਿਲ ਵਿਚ ਛੁਪਾ ਕੇ ਵੀ ਕਦੇ
ਉਸਦੀ ਖੁਸ਼ੀ ਦੇ ਵਾਸਤੇ ਮੁਸਕਾਣ ਦੀ ਕੋਸ਼ਿਸ਼ ਕਰੀਂ
---
ਲਾਉਂਦਾ ਰਿਹਾ ਦੇ ਲਾਏਗਾ ਤੈਨੂੰ ਜ਼ਮਾਨਾ ਫੱਟ ਬੜੇ
ਪਰ ਤੂੰ ਕਿਸੇ ਦੇ ਜ਼ਖ਼ਮ ਨੂੰ ਸਹਿਲਾਣ ਦੀ ਕੋਸ਼ਿਸ਼ ਕਰੀਂ
---
ਵੈਸੇ ਕਿਸੇ ਦੇ ਨਾਲ ਵੀ ਹੋਵੇ ਬੁਰਾ ਨਾ 'ਮਹਿਰਮਾ'
ਹੋਵੇ ਅਗਰ ਤੈਥੋਂ ਬੁਰਾ ਪੜਤਾਣ ਦੀ ਕੋਸ਼ਿਸ਼ ਕਰੀਂ ।
ਜਸਵਿੰਦਰ ਮਹਿਰਮ
Share:

ਨਜ਼ਮ

ਤੂੰ ਮੇਰੇ ਹਾਸੇ ਤੇ ਨਾ ਜਾਵੀਂ
-----
ਤੂੰ ਮੇਰੇ ਹਾਸੇ ਤੇ ਨਾ ਜਾਵੀਂ
ਤੂੰ ਮੇਰੇ ਹਾਸੇ ਤੇ ਨਾ ਜਾ
ਤੇ ਮੇਰੇ ਸਾਹਾਂ ਦੀ ਖੋਜ ਕਰ
ਕਿਵੇਂ ਆਉਂਦਾ ਹੈ
ਦਮ ਘੁੱਟਦੇ ਸਮਾਜ ਦੀਆਂ
ਕੁਰੀਤੀਆਂ ਚੋਂ ਲੰਘ ਕੇ
ਪਹਿਲੇ ਤੋਂ ਬਾਅਦ ਦੂਜਾ
ਤੂੰ ਮੇਰੇ ਹੱਸਦੇ ਦੰਦਾਂ ਨੂੰ ਛੱਡ ਪਰ੍ਹੇ
ਤੇ ਮੇਰੀ ਹਿੱਕ ਨੂੰ ਚੀਰ ਕੇ ਵੇਖ
ਕਿਵੇਂ ਤੜਫਦਾ ਹੈ
ਕੁਝ ਕਹਿ ਨਾ ਸਕਦਾ ਦਿਲ ਮੇਰਾ
ਤੇ ਇਹਦੇ ਚੋਂ ਸਿੰਮਦੀ ਹੈ
ਕਦੇ ਕਦੇ ਕਵਿਤਾ ਮੇਰੀ
ਤੂੰ ਮੇਰੇ ਬੁੱਲਾਂ ਚੋਂ ਕਿਰਦੇ
ਲਫ਼ਜਾਂ ਦੀ ਪਛਾਣ ਕਰ
ਇਹ ਸਾਰੇ
ਸੁੱਖ ਸਵੀਲਾ ਹੋਣ ਦਾ
ਵਿਸਥਾਰ ਨਹੀਂ ਹੁੰਦੇ
ਤੂੰ ਇਨ੍ਹਾਂ ਬਰੀਕੀਆਂ ਨੂੰ ਫੜਿਆ ਕਰ
ਇਨ੍ਹਾਂ ਵਿਚ
ਮੇਰੀਆਂ ਹਿੱਚਕੀਆਂ ਵੀ ਹੋਣਗੀਆਂ
ਤੂੰ ਮੇਰੇ ਹੱਸਦੇ ਚਹਿਰੇ ਤੇ ਨਾ ਜਾ
ਮੇਰੇ ਵਜੂਦ ਗਹੁ ਨਾਲ ਵੇਖ
ਕਿਵੇਂ ਵਿੰਨਿਆਂ ਪਿਆ ਹੈ
ਰਿਸ਼ਤੇਦਾਰ ਕਹਾਉਂਦੇ ਦੁਸ਼ਮਣਾਂ ਹੱਥੋਂ
ਤੇ ਮੇਰੇ ਜ਼ਖਮਾਂ ਚੋਂ
ਤਿਪ ਤਿਪ ਚੋਈ ਜਾਂਦੇ ਨੇ ਮੇਰੀ ਉਮਰ ਦੇ ਸਾਲ
ਤੁੰ ਮੇਰੇ ਹੱਸਦੇ ਚਹਿਰੇ ਨੂੰ ਛੱਡ ਪਰ੍ਹਾਂ
ਮੈਂ ਤਾਂ ਸਮਾਜ ਨਾਂ ਦੇ
ਕੋਹਲੂ ਨਾਲ ਜੁੜਿਆਂ ਬਲਦ ਹਾਂ
ਤੇ ਆਪਣੇ ਬੇਗਾਨਿਆਂ ਰਲ਼ ਕੇ
ਪਿੰਡੇ ਤੇ ਪਾਈਆਂ ਲਾਸ਼ਾਂ ਦੀ
ਹਰ ਕਦਮ ਤੇ
ਭੁੱਲ ਜਾਂਦਾ ਹਾਂ ਗਿਣਤੀ
ਪਰ ਤੂੰ ਮੇਰੇ ਹਾਲ ਤੇ
ਹਾਸਾ ਨਾ ਪਾਵੀਂ
ਮੈਂ ਕਿਹੜਾ ਤੈਥੋਂ
ਟਿਕਟ ਦੇ ਪੈਸੇ ਮੰਗੇ ਨੇ
ਸਿਨੇਮੇ ਤਾਂ ਤੇਰਾ ਖਰਚ ਹੋਣਾ ਸੀ
ਬੋਰ ਹੀ ਸਹੀ
ਮੇਰੀ ਵੀ ਮੁਫ਼ਤੋ ਮੁਫ਼ਤੀ ਕਹਾਣੀ ਸੁਣ ।
ਮਨਜੀਤ ਸੋਹਲ
Share:

Monday, January 12, 2009

ਚੱਕ ਦਿਓ ਫੱਟੇ

ਕਹਿੰਦੇ ਨੇ ਦੁਨੀਆਂ ਤੇ ਕੁਝ ਵੀ ਅਸੰਭਵ ਨਹੀਂ ਹੁੰਦਾ। ਪੰਜਾਬੀਆਂ ਤੇ ਤਾਂ ਇਹ ਗੱਲ ਹੋਰ ਵੀ ਢੁਕਣੀ ਚਾਹੀਦੀ ਹੈ।
ਹੁਣੇ ਹੀ ਇਕ ਪੰਜਾਬੀ ਵੈਬਸਾਈਟ ਲਫਜ਼ਾਂ ਦਾ ਪੁਲ ਸਾਹਮਣੇ ਆਇਆ ਹੈ। ਇਸ ਉੱਪਰ ਪੰਜਾਬੀਆਂ ਦੇ ਜਿੰਨੇ ਉਪਰਾਲੇ ਮੈਨੂੰ ਨਜ਼ਰ ਆਏ ਨੇ, ਉਹਨਾਂ ਨੂੰ ਵੇਖ ਕੇ ਮੈਂ ਕਹਿ ਸਕਦਾਂ ਕਿ ਪੰਜਾਬੀ ਦੇ ਭਵਿੱਖ ਨੂ ਕੁਝ ਨਹੀਂ ਹੋਣ ਲੱਗਾ। ਕਉਂਕਿ ਨੌਜਵਾਨ ਪੰਜਾਬੀਆਂ ਦੇ ਖ਼ੂਨ ਵਿੱਚ ਅਜੇ ਏਨੀ ਗਰਮੀ ਹੈਗੀ ਏ, ਕਿ ਉਹ ਆਪਣੀ ਭਾਸ਼ਾ ਅਤੇ ਵਿਰਸੇ ਨੂੰ ਸਾਂਭ ਸਕਣ ਅਤੇ ਉਹਦਾ ਵਿਕਾਸ ਵੀ ਕਰ ਸਕਣ। ਜੇ ਨੈੱਟ ਆਦਿ ਵਰਗੀਆਂ ਏਨੀਆਂ ਸਹੂਲਤਾਂ ਹੋਣ ਦੇ ਬਾਵਜੂਦ ਅਸੀਂ ਆਪਣੇ ਝੰਡੇ ਨਾ ਗੱਡ ਸਕੇ ਤਾਂ ਪੰਜਾਬੀ ਹੋਣ ਦਾ ਕੀ ਫਾਇਦਾ। ਇਸ ਲਈ ਸਾਨੂੰ ਹੁਣੇ ਤੋਂ ਹੀ ਪੰਜਾਬੀ ਲਈ ਕੰਮ ਕਰਨ ਲਈ ਜੁਟ ਜਾਣਾ ਚਾਹੀਦਾ ਹੈ। ਕਿਉਂਕਿ ਬਲੌਗਸ ਨਾਲ ਜੁੜਨ ਵਾਲੇ ਅਸੀਂ ਸਾਰੇ ਹੀ ਨੌਜਵਾਨ ਹਾਂ, ਸਾਡੇ ਲਈ ਇਹ ਚੁਣੌਤੀ ਵੀ ਹੈ ਕਿ ਅਸੀਂ ਕੁਝ ਕਰਕੇ ਵਿਖਾਈਏ।
ਪੁਰਾਣੀ ਪੀੜ੍ਹੀ ਸਮਝਦੀ ਹੈ ਕਿ ਨਵੀਂ ਪੀੜ੍ਹੀ ਵਿਰਸਾ ਨਹੀਂ ਸੰਭਾਲ ਸਕਦੀ, ਇੰਟਰਨੈੱਟ ਨਾਲ ਜੁੜ ਕੇ ਗ਼ਲਤ ਦਿਸ਼ਾ ਵੱਲ ਜਾ ਰਹੀ ਹੈ। ਸਾਡੇ ਕੋਲ ਹੁਣ ਇਹ ਸਾਬਤ ਕਰਨ ਦਾ ਬੜਾ ਵੱਡਾ ਜ਼ਰੀਆ ਹੈ ਕਿ ਅਸੀਂ ਉਹਨਾਂ ਨੂੰ ਇਹ ਦੱਸ ਸਕੀਏ ਕਿ ਅਸੀਂ ਇੰਟਰਨੈੱਟ ਰਾਹੀ ਪੂਰੀ ਦੁਨੀਆਂ ਉੱਤੇ ਛਾਉਣ ਦੀਆਂ ਯੋਜਨਾਵਾਂ ਉਲੀਕ ਰਹੇ ਹਾਂ। ਪੰਜਾਬੀ ਸੱਭਿਆਚਾਰ ਦਾ ਪੂਰੀ ਦੁਨੀਆਂ ਉੱਤੇ ਡੰਕਾ ਵਜਾਉਣ ਦੀ ਸੋਚੀ ਬੈਠੇ ਹਾਂ।
ਆਓ ਸਾਥੀਓ ਪੰਜਾਬੀ ਬਲੌਗਾਂ ਰਾਹੀਂ ਪੰਜਾਬੀ ਫੈਲਾਉਣ ਲਈ ਜੁਟ ਜਾਈਏ।
ਟੀਮ
Share:

Saturday, January 10, 2009

ਨਜ਼ਮ

ਵਿਸਥਾਰ
----
ਮੈਥੋਂ ਪਹਿਲਾਂ
ਘਰ ਮੇਰੇ ਨਵੇਂ 'ਚ
ਚਿੜੀਆਂ
ਠਾਹਰ ਬਣਾਈ
ਕਬੂਤਰਾਂ ਸੇਣ ਵਸਾਈ
ਅੱਥਰੇ ਕਈ ਹੋਰ ਜੀਵਾਂ
ਕੀਤਾ ਵਸੇਬਾ ਰੈਣ ਬਿਤਾਈ
ਨਵੇਂ ਘਰ ਨੂੰ ਮਿਲਣ ਖਾਤਰ
ਮੈਂ ਜਾਂਦਾ
ਤੱਕਦਾ ਚਿੜੀਆਂ ਦੀ ਹਾਜਰੀ
ਖੁੱਲੀ ਛੱਡ ਆਉਂਦਾ ਖਿੜਕੀ
ਰੌਸ਼ਨਦਾਨ 'ਚ ਵਿਹੰਦਾ
ਤੀਲਿਆਂ ਦੀ ਜਮਘਟਾ
ਤੱਕਦਾ ਤ੍ਰਭਕ ਕੇ ਪਰਿੰਦਿਆਂ ਦਾ ਉਡਣਾ
ਸੁਣਦਾ ਨੰਨੀਆਂ ਅਵਾਜ਼ਾਂ
ਹੌਲੀ ਹੌਲੀ ਖੋਲਦਾ ਢੋਂਦਾ ਬਾਰ
ਪੋਲੇ ਪੋਲੇ ਧਰਦਾ ਕਦਮ
ਸਾਹਾਂ ਦਾ ਸ਼ੋਰ ਸੁਣਦਾ
ਖਿਸਕ ਆਉਂਦਾ
ਅਗਲੀ ਵਾਰ ਜਾਂਦਾ
ਤੀਲ੍ਹਿਆਂ ਦਾ ਖ਼ਿਲਾਰਾ ਤੱਕਦਾ
ਖੰਭਾਂ ਦੀਆਂ ਪੈੜਾਂ ਵਿਹੰਦਾ
ਕਨਸੋਅ ਲੈਂਦਾ
ਪਰ ਨਜ਼ਰ ਨਾ ਆਉਂਦੇ ਕਿਧਰੇ
ਪਰਿੰਦੇ ਪਿਆਰੇ
ਮਾਰ ਗਏ ਹੁੰਦੇ ਉਡਾਰੀ
ਬਦਲ ਗਏ ਹੁੰਦੇ ਟਿਕਾਣਾ
ਮੇਰੀ ਪਿਛਲੀ ਵੇਰੀ ਦੇ ਵਰਕੇ ਤੋਂ
ਪੜ੍ਹ ਲਿਆ ਹੁੰਦਾ ਉਹਨਾਂ
ਘਰ ਦੀ ਮਲਕੀਅਤ ਦਾ
ਅਗਲਾ ਸਿਰਨਾਵਾਂ
ਮਲਵਿੰਦਰ
Share:

Thursday, January 08, 2009

ਨਜ਼ਮ

ਪੇਸ਼ੇ ਵਜੋਂ ਅਧਿਆਪਕ ਰਾਕੇਸ਼ ਆਨੰਦ ਕਵਿਤਾ ਲਿਖਦਾ ਹੈ। ਅਰਥ ਸ਼ਾਸਤਰ ਬਾਰੇ ਡੂੰਘੀ ਸੋਝੀ ਰੱਖਦਾ ਹੈ ਅਤੇ ਚੰਗੇ ਸਾਹਿਤ ਦਾ ਰਸੀਆ ਹੈ । ਪਿਛਲੇ ਕਈ ਸਾਲ ਤੋਂ ਪੱਤਰਕਾਰੀ ਨਾਲ ਵੀ ਜੁੜਿਆ ਰਿਹਾ ਹੈ। ਪੇਸ਼ ਹੈ ਰਕੇਸ਼ ਅਨੰਦ ਦੀ ਨਵੀਂ ਰਚਨਾ...
----
ਮੇਰੀ ਕਵਿਤਾ
----
ਮੇਰੀ ਕਵਿਤਾ
ਐਸ਼ਵਰਿਆ ਰਾਏ ਦੇ ਨੀਲੇ ਬਲੌਰੀ ਨੈਣ ਨਹੀਂ
ਤੇ ਨਾ ਹੀ
ਪ੍ਰਿੰਟੀ ਜ਼ਿੰਟਾ ਦੀਆਂ ਸੁਰਖ ਗੱਲਾਂ ਦੇ ਟੋਏ
ਵਾਸਤਾ ਇਹਦਾ ਮਿਸ ਇੰਡੀਆ ਦੀ ਕੈਟਵਾਕ ਨਾਲ ਵੀ ਕੋਈ ਨੀ
ਤੇ ਕੀ ਲੈਣਾ ਇਹਨੇ
ਸੱਤਾ ਦੀ ਟੀਸੀ ਤੇ ਕਾਬਜ਼ ਸੋਨੀਆ ਤੋਂ
ਮੇਰੀ ਕਵਿਤਾ...?
ਮੇਰੀ ਕਵਿਤਾ ਤਾਂ
ਫੁੱਟਬਾਲ ਸਿਊਂਦੀ ਸੁਮਨ ਏਂ
ਜੀਹਦੇ ਗੋਡੇ ਹੋ ਚੁੱਕੇ ਨੇ ਵਿੰਗੇ
ਬਹਿ ਬਹਿ ਫੱਟੀ 'ਤੇ
ਜੀਹਦੇ ਕੋਮਲ ਪੋਟੇ
ਹੋ ਗਏ ਨੇ ਛੱਲਣੀ ਲੱਗ ਲੱਗ ਸੂਈਆਂ
ਪਰ ਹਿੰਮਤ ਅਜੇ ਵੀ ਰੱਖਦੀ ਹੈ ਉਹ
ਜੂਝਣ ਦੀ
ਕਲਮ ਉਠਾਣ ਦੀ ।
...
ਮੇਰੀ ਕਵਿਤਾ
ਏ.ਸੀ. 'ਚ ਤੰਬੋਲਾ ਖੇਡਦੀਆਂ ਰੰਨਾਂ ਨਹੀਂ
ਨਾ ਹੀ ਇਹ ਗਹਿਣਿਆਂ ਨਾਲ ਲੱਦੀਆਂ ਸਠਾਣੀਆਂ
ਹੈ ਇਸ 'ਚ
ਚਾਈਨੀਜ਼ ਫੂਡ ਨਾਲ ਮਸਤੀਆਂ ਨੱਡੀਆਂ ਲਈ ਵੀ ਕੁਝ ਨਹੀਂ
ਮੇਰੀ ਕਵਿਤਾ ...?
ਇਹ ਤਾਂ ਨੰਗੇ ਸਿਰ ਵੱਗ ਦਾ
ਗੋਹਾ ਢੋਂਦੀ ਰਾਣੋ ਏਂ
ਜੀਹਦੇ ਤਾਲੂ 'ਚ ਪੈ ਗਏ ਨੇ ਟੋਏ
ਤੇ ਜੀਹਦੀ ਮਾਂ ਜਿਹੀ ਸੱਸ
ਹੱਕਦੀ ਏ ਉਹਨੂੰ ਪਰਾਣੀ ਨਾਲ ਜਾਨਵਰਾਂ ਵਾਂਗ
ਤੇ ਖਸਮ ਜੀਹਦਾ ਕੋਂਹਦਾ ਹੈ ਬਿਨਾਂ ਨਾਗਾ ਹੋ ਸ਼ਰਾਬੀ
ਤੇ ਮਿਲਦੀ ਹੈ ਜਿਸਨੂੰ
ਰੋਟੀ ਦੇ ਨਾਮ ਤੇ ਜ਼ਲਾਲਤ
...
ਮੇਰੀ ਕਵਿਤਾ
ਖਾ-ਖਾ ਗੋਸ਼ਤ,ਗੋਗੜ ਕਮਾਈ ,ਡੱਡੂ ਮੂੰਹੇਂ ਲੀਡਰ ਨਹੀਂ
ਨਾ ਹੀ ਆ ਇਹ
ਸਪੋਲਿਆਂ ਜਿਹੇ ਉਨ੍ਹਾਂ ਦੇ ਪੁੱਤ
ਇਹ ਤਾਂ
ਢਾਬੇ ਤੇ ਜੂਠੇ ਭਾਂਡੇ ਮਾਂਜਦੇ ਛੋਟੂ ਦਾ ਬਚਪਨ ਏਂ
ਤੇ ਨਾਲ ਹੀ ਆ ਇਹ
ਉਹਦੇ ਲਾਚਾਰ ਮਾਪਿਆਂ ਦੀ ਸਦੀਆਂ ਦੀ ਭੁੱਖ
ਮੇਰੀ ਕਵਿਤਾ ਤਾਂ
ਮਿੰਦੇ ਰਿਕਸ਼ੇ ਵਾਲੇ ਦੀਆਂ ਲੱਤਾਂ ਦੀਆਂ ਖੱਲੀਆਂ ਨੇ
ਤੇ ਹੈ ਫੀਸ ਖੁਣੋਂ ਮਾਰ ਖਾਂਦੇ ਉਹਦੇ ਜਵਾਕਾਂ ਦੀਆਂ ਲੇਲੜੀਆਂ
...
ਮੇਰੀ ਕਵਿਤਾ
ਥ੍ਰੀ-ਪੀਸ ਜਾਂ ਸਫਾਰੀ ਸੂਟ ਨਹੀਂ
ਤੇ ਨਾ ਹੀ ਇਸ 'ਚ
ਦਾਰੂ ਜਿਹਾ ਨਸ਼ਾ ਜਾਂ ਖੁਮਾਰੀ
ਮੇਰੀ ਕਵਿਤਾ ਹੈ
ਦੇਬੇ ਜੁਲਾਹੇ ਦਾ ਲੀਰਾਂ ਲੀਰਾਂ ਹੋਇਆ ਜਾਂਘੀਆ
ਤੇ ਹੈ
ਚਾਰ ਦਿਨਾਂ ਤੋਂ ਕਬਰ ਜਿਹੀ ਫੈਕਟਰੀ 'ਚ
ਡਬਲ ਸ਼ਿਫਟ ਲਗਾਉਂਦੇ
ਸੇਵੇ ਮਜ਼ਦੂਰ ਦੀਆਂ ਅੱਖਾਂ ਦਾ ਉਨੀਂਦਰਾ...
ਤੇ ਅਜਿਹਾ ਪਤਾ ਨਹੀਂ
ਕੀ ਕੀ.........
ਰਾਕੇਸ਼ ਆਨੰਦ
rkanand1@gmail.com
Share:

Tuesday, January 06, 2009

ਗ਼ਜ਼ਲ

ਸ਼ਬਦਮੰਡਲ ਪੇਸ਼ ਕਰਦਾ ਹੈ ਆਪਣੇ ਉਰਦੂ ਦੇ ਪਾਠਕਾਂ ਲਈ ਉਰਦੂ ਅਦਬ ਦੇ ਮਸ਼ਹੂਰ-ਓ-ਮਾਹਰੂਫ਼ ਗ਼ਜ਼ਲ ਉਸਤਾਦ ਮਿਰਜ਼ਾ ਦਾਗ਼ ਦਹਿਲਵੀ ਜੀ ਦੀ ਗ਼ਜ਼ਲ ...
---
ਮਜ਼ਾ ਜਾਤਾ ਰਹਾ...
--
ਜਬ ਜਵਾਨੀ ਕਾ ਮਜ਼ਾ ਜਾਤਾ ਰਹਾ
ਜ਼ਿੰਦਗਾਨੀ ਕਾ ਮਜ਼ਾ ਜਾਤਾ ਰਹਾ
---
ਵਹ ਕ਼ਸਮ ਖਾਤੇ ਹੈਂ ਅਬ ਹਰ ਬਾਤ ਪਰ
ਬਦਗੁਮਾਨੀ1 ਕਾ ਮਜ਼ਾ ਜਾਤਾ ਰਹਾ
---
ਦਾਸਤਾਨ-ਏ-ਇਸ਼ਕ਼ ਜਬ ਠਹਿਰੀ ਗ਼ਲਤ
ਫਿਰ ਕਹਾਨੀ ਕਾ ਮਜ਼ਾ ਜਾਤਾ ਰਹਾ
---
ਖ਼ੁਆਬ ਮੇਂ ਤੇਰੀ ਤਜੱਲੀ2 ਦੇਖ ਲੀ
ਲੰਤਰਾਨੀ3 ਕਾ ਮਜ਼ਾ ਜਾਤਾ ਰਹਾ
---
ਦਰਦ ਨੇ ਉਠਕਰ ਉਠਾਇਆ ਬਜ਼ਮ ਸੇ
ਨਾਤਵਾਨੀ4 ਕਾ ਮਜ਼ਾ ਜਾਤਾ ਰਹਾ
---
ਗ਼ੈਰ ਪਰ ਲੁਤਫ਼ੋ ਕਰਮ ਹੋਨੇ ਲਗਾ
ਮਿਹਰਬਾਨੀ ਕਾ ਮਜ਼ਾ ਜਾਤਾ ਰਹਾ
---
ਆਪ ਅਬ ਅਪਨੇ ਨਿਗਹੇਬਾਂ5 ਬਨ ਗਏ
ਪਾਸਬਾਨੀ6 ਕਾ ਮਜ਼ਾ ਜਾਤਾ ਰਹਾ
---
ਨਾਮਾਬਰ7 ਨੇ ਤੈਅ ਕੀਏ ਸਾਰੇ ਪਿਆਮ
ਮੂੰਹ-ਜ਼ੁਬਾਨੀ ਕਾ ਮਜ਼ਾ ਜਾਤਾ ਰਹਾ
---
ਮਿਟ ਗਈ ਅਬ ਦਾਗ਼ ਫ਼ੁਰਕਤ8 ਕੀ ਜਲਨ
ਇਸ ਨਿਸ਼ਾਨੀ ਕਾ ਮਜ਼ਾ ਜਾਤਾ ਰਹਾ
----
1.ਸ਼ੱਕ(ਸੰਦੇਹ), 2.ਜਯੋਤੀ, 3.ਇਨਕਾਰ ਕਰਨਾ 4.ਕਮਜ਼ੋਰੀ,
5.ਰੱਖਿਆ ਕਰਨ ਵਾਲਾ, 6.ਰੱਖਿਆ ਕਰਨੀ 7.ਸੰਦੇਸ਼ ਵਾਹਕ 8.ਵਿਛੋੜਾ .



Share:

ਨਜ਼ਮ

ਅੱਗ ਦੇ ਵਸਤਰ
----
ਮੈਂ ਚਾਹੁੰਨਾਂ...ਮੇਰੇ ਕੋਲ ਅੱਗ ਦੇ ਵਸਤਰ ਹੋਣ
ਜਿਹੜੇ ਮੈਂ ਆਪਣੀ ਕਵਿਤਾ ਨੂੰ ਭੇਂਟ ਕਰ ਸਕਾਂ
ਇਹ ਤੋਹਫ਼ਾ...ਆਪਣੀ ਕਲਮ ਨੂੰ ਮੈਂ
ਕਵਿਤਾਵਾਂ ਲਿਖਣ ਤੋਂ ਪਹਿਲਾਂ ਦੇਣਾ ਚਾਹਵਾਂਗਾ

ਮੈਂ ਕਵੀ ਨਹੀਂ
ਪਰ ਕਵਿਤਾ ਲਿਖਣੀ ਚਾਹੁੰਨਾ ਹਾਂ
ਤੇ ਚਾਹੁੰਦਾ ਹਾਂ ਕਿ ਅੱਗ ਦੇ ਵਸਤਰ ਮੇਰੀ ਕਵਿਤਾ ਚੋਂ
ਬੇਲੋੜੇ ਸ਼ਬਦਾਂ, ਸਤਰਾਂ ਤੇ ਪੈਰ੍ਹਿਆਂ ਨੂੰ
ਮੇਰੇ ਅੰਦਰ ਪਲ ਰਹੇ ਕਵੀ ਹੋਣ ਦੇ ਹੰਕਾਰ ਸਮੇਤ ਸਾੜ ਦੇਵੇ
ਤੇ ਉਨ੍ਹਾਂ ਦੀ ਜਗ੍ਹਾ ਚੰਦਨ ਜਿਹੀ ਖੁਸ਼ਬੋ ਭਰ ਦੇਵੇ
ਤੇ ਮੇਰੀ ਹਰ ਕਵਿਤਾ ਮਹਿਕਦੀ ਰਹੇ
ਕੀ ਤੁਸੀ ਕਵਿਤਾ ਲਿਖਣ ਵਾਲੇ
ਇੰਜ ਨਹੀਂ ਚਾਹੁੰਦੇ
ਜੇ ਚਾਹੁੰਦੇ ਹੋ ਤਾਂ
ਮੈਨੂੰ ਅੱਗ ਦੇ ਵਸਤਰਾਂ ਦਾ ਪਤਾ ਦੱਸਣਾ
ਤਾਂ ਜੋ ਅਸੀਂ ਆਉਣ ਵਾਲੇ ਖ਼ਤਰਨਾਕ ਸਮਿਆਂ ਲਈ
ਥੋੜਾ ਚੰਦਨ ਇਕੱਠਾ ਕਰ ਸਕੀਏ ।
---
ਤੇਜਿੰਦਰ ਬਾਵਾ
Share:

ਨਜ਼ਮ

ਪੇਸ਼ ਹੈ ਮਲਵਿੰਦਰ ਜੀ ਦੀ ਨਵੀਂ ਨਜ਼ਮ। ਅੱਖਰ ਰਸਾਲੇ ਵਿੱਚੋਂ ਧੰਨਵਾਦ ਸਹਿਤ ।
---
ਟੀਸ
---
ਅੱਜ
ਅਚਾਨਕ ਐਲਾਨੀ ਛੁੱਟੀ ਨਾਲ
ਬਿਖਰ ਗਏ ਛਿਣ ਬਕਾਇਦਗੀ ਦੇ
ਜੋਸ਼ ਦੇ ਅੰਗ ਗਏ ਅਲਸਾਏ
ਸੋਚਣੇ ਲੱਭਣੇ ਪਏ
ਆਹਰ ਨਵੇਂ
ਨਵੀਂ ਕਵਿਤਾ ਦੇ ਬਿੰਬਾ ਜਿਹੇ
ਛੰਡੀ ਸੁਸਤੀ
ਧੁੰਦਲਕੇ ਉਹਲਿਉਂ
ਲਿਸ਼ਕ ਪਈ ਧੁੱਪ ਸਰਦੀ ਦੀ
ਲਿਸ਼ਕ ਪਏ ਫਿਕਰ ਕਈ
ਫਿ਼ਕਰਾਂ ਦਾ ਪਿੱਛਾ ਕਰਦਿਆਂ
ਵਕਤ ਸਰਪਟ ਦੌੜਿਆ
ਸ਼ਾਮ ਢਲੇ
ਜਦ ਫਰੋਲੇ ਵਰਕੇ ਦਿਨ ਦੇ
ਕਈ ਫਿ਼ਕਰ ਸਨ ਰਾਖ਼ ਹੋ ਗਏ
ਕਈ ਨਵੇਂ ਜਾਗ ਪਏ
ਕਵਿਤਾ ਇਕ ਨਵੀਂ ਲਿਖੀ
ਇਕ ਛਪਣ ਹਿਤ ਵਿਦਾ ਕੀਤੀ
ਹੋਰ ਵੀ ਕੀਤਾ ਕਈ ਕੁਝ
ਪਰ ਬਕਾਇਦਗੀ ਟੁੱਟਣ ਦੀ ਟੀਸ
ਸਾਰਾ ਦਿਨ ਨਾਲ ਰਹੀ ।

ਮਲਵਿੰਦਰ
Share:

ਗ਼ਜ਼ਲ

ਸ਼ਬਦਮੰਡਲ ਦੀ ਮੰਗ 'ਤੇ ਤਮੰਨਾ ਜੀ ਨੇ ਕਨੇਡਾ ਤੋਂ ਆਪਣੇ ਡੈਡੀ ਜੀ ਦੀ ਬਿਲਕੁਲ ਨਵੀਂ ਗ਼ਜ਼ਲ
ਸ਼ਬਦਮੰਡਲ ਦੇ ਪਾਠਕਾਂ ਲਈ ਭੇਜੀ ਹੈ , ਜਿਸਨੂੰ ਪੋਸਟ ਕਰਨ 'ਤੇ ਅਸੀਂ ਬਹੁਤ ਖੁਸ਼ੀ ਮਹਿਸੂਸ ਕਰ ਰਹੇਂ ਹਾਂ ।
ਸ਼ਬਦਮੰਡਲ
-----
ਤੇਰੀ ਦੀਦ ਲਈ...
-----------
ਕੱਫ਼ਣੋਂ ਸਖਣੀ ਲਾਸ਼ ਮਿਰੀ, ਤੇਰੀ ਬੁੱਕਲ਼ ਵਿੱਚ ਵੀ ਠਰਦੀ ਰਹੀ।
ਨਾ ਮੌਤ ਮਿਲ਼ੀ, ਨਾ ਜਿੰਦ ਮਿਲ਼ੀ, ਰੂਹ ਮੇਰੀ ਹਉਕੇ ਭਰਦੀ ਰਹੀ।
----
ਤੱਕਿਆ ਸੀ ਸਹਾਰਾ ਬਾਹਾਂ ਦਾ, ਲੱਭੀ ਸੀ ਗਰਮੀ ਸਾਹਾਂ ਦੀ,
ਪਰ ਕਿਸਮਤ ਨਾਲ਼ ਨਿਮਾਣੇ ਦੇ , ਕੁਝ ਹੋਰੋਂ-ਹੋਰ ਹੀ ਕਰਦੀ ਰਹੀ।
----
ਮੇਰੇ ਪਿਆਰ ਦਾ ਪਾਣੀ ਡੁੱਲ੍ਹ ਗਿਆ, ਉੱਛਲ਼ ਕੇ ਦਿਲ ਮੈ-ਖ਼ਾਨੇ 'ਚੋਂ,
ਤਸਵੀਰ ਤਿਰੇ ਹੀ ਖ਼ਿਆਲਾਂ ਦੀ, ਮੁੜ-ਮੁੜ ਕੇ ਡੁੱਬਦੀ-ਤਰਦੀ ਰਹੀ।
----
ਬੁੱਲ੍ਹ ਹਿੱਲੇ ਸਨ ਇੱਕ ਵਾਰੀ ਤਾਂ, ਪਰ ਹਿੱਲਕੇ ਹੀ ਉਹ ਰਹਿ ਗਏ ਨੇ,
ਇਕ ਆਈ ਸੀ ਗੱਲ ਬੁੱਲ੍ਹਾਂ 'ਤੇ, ਤੇ ਆ-ਆ ਕੇ ਬੇਦਰਦੀ! ਰਹੀ।
----
ਮੈਂ ਤੈਨੂੰ ਚਾਇਆ ਪਲਕਾਂ 'ਤੇ, ਤੂੰ ਹੱਥਾਂ 'ਤੇ ਵੀ ਨਾ ਚਾਇਆ,
ਹੱਥਾਂ ਦੀ ਇਸ ਛੋਹ ਖ਼ਾਤਿਰ, ਜਿੰਦ ਮੇਰੀ ਯੁਗਾਂ ਤੋਂ ਖਰਦੀ ਰਹੀ।
----
ਚੱਕਰ ਹੈ, ਚੁਰਾਸੀ ਦਾ ਕਹਿੰਦੇ, ਜੰਮਣਾ ਤੇ ਜੰਮ ਕੇ ਮਰ ਜਾਣਾ,
ਪਰ 'ਬਾਦਲ'! ਤੇਰੀ ਦੀਦ ਲਈ, ਜਿੰਦ ਮੇਰੀ ਜੰਮਦੀ-ਮਰਦੀ ਰਹੀ।


ਗੁਰਦਰਸ਼ਨ 'ਬਾਦਲ'
Share:

Sunday, January 04, 2009

ਨਜ਼ਮ

ਤੇਰੇ ਬਿਨ
---------
ਤੇਰੇ ਬਿਨ ਮੈਂ ਕੀ ਹਾਂ
ਲੱਗਦਾ ਕਿਸੇ
ਉਜੜੇ ਘਰ ਦਾ ਜੀਅ ਹਾਂ
ਜਾਂ ਉਹ ਰੋਸ਼ਨੀ ਹਾਂ
ਜੋ ਹਨੇਰਿ੍ਆਂ ਤੋਂ ਡਰ
ਹਨੇਰਾ ਹੋ ਗਈ
ਜਾਂ ਉਸ ਕਰਮਾਂ ਮਾਰੀ ਦਾ ਸ਼ਿੰਗਾਰ ਹਾਂ
ਜੋ ਵਿਆਹਿਆਂ ਜਾਂਦੀ ਹੀ
ਵਿਧਵਾ ਹੋ ਗਈ
ਲੱਗਦਾ ਹੁਣੇ ਹੀ ਢਹਿ ਜਾਵਾਂਗਾ
ਮਹਿਲ ਹਾਂ ਕੋਈ ਰੇਤ ਦਾ
ਜਾਂ ਪਾ ਜ਼ਹਿਰ ਮਾਰ ਦੇਣਾ
ਕੀੜਾ ਮਕੌੜਾ ਹਾਂ ਕਿਸੇ ਖੇਤ ਦਾ
ਜਾਂ ਫਿਰ ਕਿਸੇ ਟੋਏ ਟੋਭੇ ਦਾ
ਗੰਦਾ ਪਿਆ ਪਾਣੀ ਹਾਂ
ਜਾਂ ਮਰ ਚੁੱਕੇ ਕਿਸੇ ਲੇਖਕ ਦੀ
ਅਧੂਰੀ ਪਈ ਕਹਾਣੀ ਹਾਂ
ਹੁਣ ਤੂੰ ਹੀ ਦੱਸ
ਤੇਰੇ ਬਿਨ
ਮੈਂ ਕੀ ਹਾਂ...?

ਬਲਵਿੰਦਰ ਪ੍ਰੀਤ
Share:

ਨਜ਼ਮ

ਤੜ੍ਹਪ
---------
ਇਕ ਫੁੱਲ
ਜੋ ਮੇਰੇ ਕੋਲ ਰਹੇ
ਮੇਰੇ ਮਰਨ ਤੱਕ
ਮੇਰੇ ਮਰਨ ਮਗਰੋਂ
ਵੀ ਉਹ ਵੰਡਦਾ ਰਹੇ
ਖੁਸ਼ਬੋ ਦੂਜਿਆਂ ਤਾਂਈਂ
ਤੂੰ ਮੰਗਿਆ ਸੀ
ਮੇਰੇ ਕੋਲੋ ਆਪਣੀ
ਆਖਰੀ ਮਿਲਣੀ 'ਤੇ
ਤੇ ਮੇਰਾ ਉਸ ਤੋਂ
ਇਨਕਾਰੀ ਹੋ ਜਾਣਾ
ਅੱਜ ਵੀ ਯਾਦ ਹੈ ਮੈਨੁੰ
ਤੇ ਤੜਫਾਉਂਦਾ ਵੀ ਹੈ ਮੈਨੂੰ

ਜੇ ਮੰਗ ਤੇਰੀ ਮੰਨ ਲੈਂਦਾ ਤਾਂ
ਸ਼ਾਇਦ
ਅੱਜ ਆਪਾਂ ਇਕ ਹੁੰਦੇ ।

ਬਲਵਿੰਦਰ ਪ੍ਰੀਤ
Share:

Sunday, December 28, 2008

ਗ਼ਜ਼ਲ

ਪੇਸ਼ ਨੇ ਦਾਗ਼ ਸਕੂਲ (ਪੰਜਾਬੀ ਗ਼ਜ਼ਲਗੋਈ) ਦੇ ਮੌਜੂਦਾ ਜਾਂਨਸ਼ੀਨ
ਆਰਿਫ਼ ਗੋਬਿੰਦਪੁਰੀ ਦੀਆਂ ਗ਼ਜ਼ਲਾਂ ਉਨ੍ਹਾਂ ਦੀ ਕਿਤਾਬ 'ਮੇਰੇ
ਤੁਰ ਜਾਣ ਦੇ ਮਗਰੋਂ ' ਵਿੱਚੋਂ ਧੰਨਵਾਦ ਸਹਿਤ
ਚੰਗਾ ਸੀ
ਇਹ ਹੰਝੂ ਛੁਪ ਛੁਪਾ ਕੇ ਹੀ ਵਹਾ ਲੈਂਦੈ ਤਾਂ ਚੰਗਾ ਸੀ।
ਜੇ ਰੁਸਵਾਈ ਤੋਂ ਸੋਹਣੇ ਨੂੰ ਬਚਾ ਲੈਂਦੇ ਤਾਂ ਚੰਗਾ ਸੀ।
--
ਗ਼ਜ਼ਬ ਕੀਤਾ ਜੋ ਤੇਰੇ ਹਿਜਰ ਵਿਚ ਜਿਉਂਦੈ ਰਹੇ ਹੁਣ ਤੱਕ
ਅਜਿਹੇ ਜੀਣ ਨਾਲੋਂ ਜ਼ਹਿਰ ਖਾ ਲੈਂਦੇ ਤਾਂ ਚੰਗਾ ਸੀ
--
ਅਸੀਂ ਤੁਰ ਜਾਣ ਵਾਲੇ ਹਾਂ ਪਰਾਹੁਣੇ ਹਾਂ ਘੜੀ ਪਲ ਦੇ
ਤੁਸਾਂ ਜੋ ਕੌਲ ਕੀਤਾ ਸੀ ਨਿਭਾ ਲੈਂਦੇ ਤਾਂ ਚੰਗਾ ਸੀ
--
ਗੁਆਇਆ ਨੂ੍ਰ ਅੱਖੀਆਂ ਦਾ ਕਿਸੇ ਦੀ ਯਾਦ ਵਿਚ ਰੋ ਰੋ
ਮੁਸੀਬਤ ਦੀ ਘੜੀ ਵਿਚ ਮੁਸਕਰਾ ਲੈਂਦੇ ਤਾਂ ਚੰਗਾ ਸੀ
--
ਅਸੀਂ ਵੀ ਵੇਖਦੇ ਉਠਦੀ ਚਿਣਗ ਇਸ ਚੋਂ ਮੁਹੱਬਤ ਦੀ
ਨਜ਼ਰ ਦਾ ਤੀਰ ਪੱਥਰ ਦਿਲ 'ਤੇ ਖਾ ਲੈਂਦੇ ਤਾਂ ਚੰਗਾ ਸੀ
--
ਇਰਾਦਾ ਕਤਲ ਕਰਨੇ ਦਾ ਤੁਸਾਂ ਦਾ ਹੈ ਜੇ 'ਆਰਿਫ਼' ਨੂੰ
ਦੋ ਬੂੰਦਾਂ ਮਸਤ ਨੈਂਣਾਂ ਚੋਂ ਪਿਲਾ ਲੈਂਦੇ ਤਾਂ ਚੰਗਾ ਸੀ ।
q
Share:

ਗ਼ਜ਼ਲ

ਕਹਾਂ ਹੈ ਜ਼ਿੰਦਗੀ

ਯਹ ਜੋ ਚਸ਼ਮਾ ਆਂਖ ਸੇ ਮੇਰੀ ਰਵਾਂ ਹੈ ਜ਼ਿੰਦਗੀ
ਯਹ ਭੀ ਤੇਰੇ ਹੀ ਸਿਤਮ ਕੀ ਦਾਸਤਾਂ ਹੈ ਜ਼ਿੰਦਗੀ
--
ਕੌਨ ਸੀ ਮੰਜ਼ਿਲ ਹੈ ਇਸਕੀ ਜਾਨਤਾ ਕੋਈ ਨਹੀਂ
ਗੋ ਅਜ਼ਲ ਹੀ ਸੇ ਸਫ਼ਰ ਮੇਂ ਰਹਿ ਰਵਾਂ ਹੈ ਜ਼ਿੰਦਗੀ
--
ਜਾਨ ਦੇ ਦੂੰਗਾ ਮਗਰ ਜਾਨੇ ਨਾ ਦੂੰਗਾ ਮੈਂ ਤੁਝੇ
ਮੁਝ ਕੋ ਤਨਹਾ ਛੋਡ ਕਰ ਜਾਤੀ ਕਹਾਂ ਹੈ ਜ਼ਿੰਦਗੀ
--
ਆਜ ਵੋਹ ਆਰਾਮ ਸੇ ਸੋਏ ਪੜੇ ਹੈ ਕਬਰ ਮੇਂ
ਕਲ ਜੋ ਕਹਿਤੇ ਥੇ ਹਮਾਰੀ ਜਾਂ ਕੀ ਜਾਂ ਹੈ ਜ਼ਿੰਦਗੀ
--
ਜ਼ਿੰਦਗੀ ਥੀ ਜ਼ਿੰਦਗੀ ਜਬ ਵੁਹ ਥੇ ਹਮ ਪੇ ਮਿਹਰਬਾਂ
ਕਹਿਰਬਾਂ ਹੈ ਵੁਹ ਜੋ ਅਬ ਤੋ ਕਹਿਰਬਾਂ ਹੈ ਜ਼ਿੰਦਗੀ
--
ਅਬ ਖ਼ਿਜ਼ਾਂ ਮੇਂ ਪੂਛਤੇ ਹੈਂ ਅਸ਼ਕ ਮੁਝ ਸੇ ਬਾਰ ਬਾਰ
ਫੂਲ ਜੈਸੀ ਵੁਹ ਤੇਰੀ 'ਆਰਿਫ਼' ਕਹਾਂ ਹੈ ਜ਼ਿਦਗੀ
Share:

Friday, December 26, 2008

ਨਜ਼ਮ

ਤੇਰੇ ਤੁਰ ਜਾਣ ਪਿੱਛੋਂ

ਤੇਰੇ ਤੁਰ ਜਾਣ ਤੋਂ ਬਾਦ
ਦਿਲ ਟੁੱਟਿਆ
ਕਿਰਿਆ
ਤੇ ਤਿਣਕਾ ਤਿਣਕਾ ਬਿਖਰ ਗਿਆ
ਜੀਣ ਲਈ ਅਸੀਂ
ਚੁੱਕਿਆ
ਸਾਂਭਿਆ
ਤੇ ਜੋੜ ਲਿਆ
ਜਦ ਵੀ ਆਉਂਦੀ ਹੈ ਯਾਦ
ਤਿੜਕਦਾ ਹੈ
ਥਿੜਕਦਾ ਹੈ
ਦਿਲ
ਕਿਰਦੀ ਹੈ ਯਾਦ
ਹੰਝੂ ਹੰਝੂ
Share:

ਨਜ਼ਮ

ਦੋਸਤੀ
ਦੋਸਤੀ ਇਹ ਸਦਾ ਬਰਕਰਾਰ ਰਹੇ
ਠੰਡੀਆਂ ਸੀਤ ਹਵਾਵਾਂ ਵਰਗੀ
ਕਿਸੇ ਫ਼ਕੀਰ ਦੀਆਂ ਦੁਆਵਾਂ ਵਰਗੀ
ਸੱਚੀਆਂ ਸੁੱਚੀਆਂ ਗੁਫ਼ਾਵਾਂ ਵਰਗੀ
ਦੋਸਤੀ ਇਹ ਸਦਾ ਬਰਕਰਾਰ ਰਹੇ
ਕੋਰੇ ਦੀਆਂ ਨਿੱਘੀਆਂ ਧੁੱਪਾਂ ਵਰਗੀ
ਰੋਹੀ ਦੇ ਸੰਘਣੇ ਰੁੱਖਾਂ ਵਰਗੀ
ਦੋਸਤੀ ਇਹ ਸਦਾ ਬਰਕਰਾਰ ਰਹੇ ।
Share:

ਗ਼ਜ਼ਲ

ਸਾਡੀ ਪੁੰਨਿਆ ਕਾਹਤੋਂ ਮੱਸਿਆ ਕਰ ਚੱਲਿਆਂ
ਜਿੰਦਗੀ ਦੇ ਵਿਚ ਕਾਹਤੋਂ ਨੇਰ੍ਹੇ ਭਰ ਚੱਲਿਆਂ
---
ਤੂੰ ਤਾਂ ਚੜ੍ਹਦੇ ਸੂਰਜ ਵਾਂਗੂੰ ਦਗ਼ਦਾ ਸੀ
ਕਿਉਂ ਰੰਡੀ ਦੀਆਂ ਆਸਾਂ ਵਾਗੂੰ ਠਰ ਚੱਲਿਆਂ
---
ਦਸਦਾ ਸੀ ਜਿੰਦਗੀ ਦੇ ਮਾਇਨੇ ਦੂਜਿਆਂ ਨੂੰ
ਖੁਦ ਅਣਆਈ ਮੌਤੇ ਹੁਣ ਕਿਉਂ ਮਰ ਚੱਲਿਆਂ
---
ਜੇ ਮਾਲੀ ਬਣ ਬੂਟਾ ਨਹੀਂ ਕੋਈ ਪਾਲ ਹੁੰਦਾ
ਫੁੱਲਾਂ ਨੂੰ ਅੰਗਿਆਰਾਂ 'ਤੇ ਕਿਉਂ ਧਰ ਚੱਲਿਆਂ
---
ਹੱਥ ਫੜ ਕੇ ਬੰਦੂਕਾਂ ਮਾਰੀ ਜਾਂਦਾਂ ਦੇਂ
ਹੁਣ ਦੀਵਾਂ ਤੂੰ ਭਾਲਣ ਕਿਹੜੇ ਦਰ ਚੱਲਿਆਂ
---
ਹੱਥੀਂ ਕਰਤੀ ਖ਼ਤਮ ਮੁਹੱਬਤ ਲੋਕਾਂ ਨੇ
ਅਲਖ ਜਗਾਵਣ ਹੁਣ ਤੂੰ ਕਿਹੜੇ ਦਰ ਚੱਲਿਆਂ
---
ਤੇਰੀ ਆਸੇ 'ਰਾਏ' ਠਿੱਲਿਆ ਦਰਿਆ ਵਿਚ
ਪਰ ਤੂੰ ਅੱਜ ਕੱਚਿਆਂ ਵਾਗੂੰ ਖਰ ਚੱਲਿਆਂ ।

ਰਾਏ ਭਾਣੋਕੀ
Share:

Saturday, December 20, 2008

ਨਜ਼ਮ

ਪੁਨਰ-ਜਨਮ
-----------------
ਅੱਜ ਮੇਰੀ ਕਲਮ ਨੇ
ਪਤਾ ਨਹੀਂ ਕਿਉਂ
ਚਿਰਾਂ ਤੋਂ ਧਾਰੀ ਹੋਈ
ਚੁੱਪ ਨੂੰ ਤੋੜਿਆ ਹੈ
ਸ਼ਾਇਦ ਰੇਗਿਸਤਾਨ
ਵਿੱਚ ਭਟਕਦੇ-ਭਟਕਦੇ
ਉਸ ਨੂੰ ਪਾਣੀ ਦੀ ਕਿਤੇ
ਝਲਕ ਪੈ ਗਈ ਹੋਵੇ
ਤਾਂਹੀਓਂ ਤਾਂ
ਆਪੇ ਲੋਰੀ ਦੇ ਕੇ
ਸੁਲਾਏ ਹੋਏ ਸੁਪਨਿਆ ਨੂੰ
ਅੱਜ ਆਪ ਹੀ
ਹਲੂਣੇ ਦੇ ਦੇ ਕੇ
ਉਠਾ ਰਹੀ ਹੈ ।

ਬਲਵਿੰਦਰ 'ਪ੍ਰੀਤ"
Share:

Sunday, December 14, 2008

ਮਨਦੀਪ ਸਨੇਹੀ ਦੀਆਂ ਨਵੀਆਂ ਕਵਿਤਾਵਾਂ ਪੇਸ਼ ਨੇ ਜੋ 7 ਦਸੰਬਰ ਦੇ ਨਵਾਂ ਜਮਾਨਾ ਵਿੱਚ ਛਪੀਆਂ ਨੇ.

ਅਰਥ
............
ਸ਼ਬਦ
ਛਾਂਗੇ ਹੋਣ
ਜੇ ਅਰਥਾਂ ਤੋਂ
ਤਾਂ ਕਵਿਤਾ ਵਿੱਚ
ਕੀਹ ਹੈ ?

ਅਰਥ ਹੋਣ ਜੇ
ਸ਼ੋਰ ਵਰਗੇ
ਤਾਂ ਕਵਿਤਾ
ਗੂੰਗੀ ਭਲੀ ?
---
ਮਨਦੀਪ ਸਨੇਹੀ
Share:

ਭਟਕਣ

ਸੂਰਜ ਦੀ ਗੋਲ ਕਿਨਾਰੀ ਦੀ ਪਰਿਕਰਮਾ ਕਰਕੇ ਨਜ਼ਰ
ਤ੍ਰਿਕਾਲਾਂ ਦੀ ਰੋਸ਼ਨੀ ਨੂੰ ਬੁੱਕਲ 'ਚ ਲੈਂਦੀ ਹੈ
ਤੇ ਸਮਝਦੀ ਹੈ
ਕਿ ਮੈਂ
'ਅੱਜ' ਦਾ ਸਾਰ ਪਾ ਲਿਆ ਹੈ
ਜਿੱਤ ਲਿਆ ਹੈ ਜੋ ਕੁਝ ਜਿੱਤਣਾ ਸੀ
ਤੇ ਬੁੱਝ ਲਿਆ ਹੈ
ਬੁੱਝਣ ਵਾਲਾ
ਤਦ ਚਿਰ-ਸਥਾਈ ਸ਼ਾਂਤੀ ਵਰਗੀ ਚਮਕ ਦਾ ਭਰਮ
ਨਜ਼ਰ ਚ ਆ ਬਿਰਾਜਦਾ ਹੈ
ਤੇ ਫਿਰ
ਇੱਕ ਦਾ ਬੂਹਾ ਆ ਖੜਕਾਉਂਦੀ ਹੈ
ਸੂਰਜ ਦੀ ਰੋਸ਼ਨੀ
ਮੱਧਮ ਹੁੰਦੀ ਹੁੰਦੀ
ਮਿਟ ਜਾਂਦੀ ਹੈ
Share:

ਅਸ਼ੋਕ 'ਕਾਸਿਦ' ਦੀ ਨਵੀਂ ਗ਼ਜ਼ਲ ਤੁਹਾਡੇ ਰੂ-ਬ-ਰੂ ਹੈ ਜੀ

ਇਨਸਾਨ ਕਾ ਯਹ ਫ਼ਰਜ਼ ਹੈ ਗਿਰਤੇ ਉਠਾਈਏ
ਨਾਹਕ ਨਾ ਦੂਸਰੋਂ ਕਾ ਕਭੀ ਦਿਲ ਦੁਖਾਈਏ
...
ਗ਼ਮੇਂ-ਦਾਸਤਾਂ ਤੋ ਅਪਨੀ ਕਹਿ ਦੀ ਹਜ਼ੂਰ ਨੇ
ਅਬ ਮੇਰੀ ਭੀ ਰੂਦਾਦੇ-ਇਸ਼ਕ ਸੁਨ ਕੇ ਜਾਈਏ
...
ਹੈ ਕੌਨ ਬੇਵਫ਼ਾ ਯਹਾਂ ਵਫ਼ਾਦਾਰ ਕੌਨ ਹੈ
ਗ਼ੈਰੋਂ ਕੀ ਬਾਤ ਛੋੜੀਏ ਅਪਨੀ ਸੁਨਾਈਏ
...
ਆਏਂਗੇ ਹਮ ਭੀ ਲੇਕਰ ਬੋਤਲ ਸ਼ਰਾਬ ਕੀ
ਪੀਤੇ ਹੈਂ ਆਪ ਕਿਸ ਜਗ੍ਹਾ ਹਮਕੋ ਬਤਾਈਏ
...
ਵੈਸੇ ਤੋ ਹੈ ਹਜ਼ੂਰ ਕਾ ਦਾਮਨ ਭੀ ਦਾਗ਼ਦਾਰ
ਕਾਸਿਦ ਪੇ ਆਪ ਯੂੰ ਨਾ ਤੋਹਮਤ ਲਗਾਈਏ
...
ਕਹਿਤੇ ਹੈਂ ਗ਼ੈਰ ਬਜ਼ਮ ਮੇਂ ਹਮ ਤਬ ਹੀ ਆਏਂਗੇ
ਕਾਸਿਦ ਹਮਾਰੇ ਰੂ-ਬ-ਰੂ ਨਹੀਂ ਆਨਾ ਚਾਹੀਏ

ਅਸ਼ੋਕ 'ਕ਼ਾਸਿਦ'
Share:

Saturday, December 06, 2008


ਆਪਣੀ ਹਾਜ਼ਰੀ ਲਗਵਾਓ ਜਨਾਬ ਜੀ

ਆਪਣੀਆਂ ਰਚਨਾਵਾਂ ਸ਼ਬਦਮੰਡਲ ਨੂੰ ਭੇਜ ਕੇ ਆਪਣੀ ਹਾਜ਼ਰੀ ਲਗਵਾਓ ਜੀ।ਸ਼ਬਦਮੰਡਲ ਨੂੰ ਇੰਤਜ਼ਾਰ ਹੈ ਤੁਹਾਡੀਆਂ ਪਿਆਰੀਆਂ ਰਚਨਾਵਾਂ ਦਾ।ਉਮੀਦ ਹੈ ਕਿ ਤੁਸੀ ਜਲਦੀ ਹੀ ਆਪਣੀ ਰਚਨਾ ਇਸ ਪਤੇ 'ਤੇ ਜ਼ਰੂਰ ਭੇਜੋਗੇ।

Share:

Sunday, November 30, 2008

ਜਲੰਧਰ ਤੋਂ ਇੰਟਰਨੈਟ ਅਖਬਾਰ

ਬੜੀ ਖੁਸ਼ੀ ਦੀ ਗੱਲ ਹੈ ਕਿ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਨ ਵਿੱਚ ਲੋਕ ਲਗਾਤਾਰ ਲੱਗੇ ਹੋਏ ਹਨ। ਜਲੰਧਰ ਦੇ ਗੁਰਿੰਦਰਜੀਤ ਸਿੰਘ ਨਾਗਰਾ ਵੀ ਇਸ ਕੰਮ ਵਿੱਚ ਤਨਦੇਹੀ ਨਾਲ ਜੁਟੇ ਹੋਏ ਹਨ। ਉਹ ਜਲੰਧਰ ਤੋਂ ਹੀ ਇੰਟਰਨੈਟ ਅਖਬਾਰ ਪੰਜਾਬ ਹੋਟਲਾਈਨ ਚਲਾ ਰਹੇ ਹਨ। ਪੰਜਾਬੀ ਦੀ ਇਹ ਰੋਜ਼ਾਨਾ ਅਖਬਾਰ ਭਾਰਤ ਸਮੇਤ ਕਈ ਬਾਹਰਲੇ ਮੁਲਕਾਂ ਵਿੱਚ ਪੜ੍ਹੀ ਜਾਂਦੀ ਹੈ। ਇਸ ਵਿੱਚ ਖਬਰਾਂ ਤੋਂ ਇਲਾਵਾ ਕਈ ਤਰ੍ਹਾਂ ਦੀ ਉਪਯੋਗੀ ਜਾਣਕਾਰੀ ਹੈ। ਹੋਰ ਤਾਂ ਹੋਰ ਸਾਈਟ ਉੱਤੇ ਪੰਜਾਬੀ ਗਾਣਿਆਂ ਦੇ ਲਿੰਕ ਵੀ ਹਨ।
ਗੁਰਿੰਦਰਜੀਤ ਹੁਰਾਂ ਨੂੰ ਸ਼ਬਦ ਮੰਡਲ ਵੱਲੋਂ ਵਧਾਈਆਂ।
ਨਵਿਅਵੇਸ਼ ਨਵਰਾਹੀ
Share:

Saturday, November 29, 2008

ਆਓ ਗੱਲ ਕਰੀਏ ਪੰਜਾਬੀ ਭਾਸ਼ਾ ਦੀ.

ਅਕਤੂਬਰ-ਦਸੰਬਰ, 2008 ਮਹੀਨੇ ਦੇ ਨਜ਼ਰੀਆ ਰਸਾਲੇ ਵਿੱਚ ਸੰਪਾਦਕ ਡਾ: ਐੱਸ ਤਰਸੇਮ ਸਾਹਿਬ ਨੇ ਪੰਜਾਬੀ ਭਾਸ਼ਾ 'ਤੇ ਸਰਕਾਰ ਦੀ ਕਾਰਗੁਜ਼ਾਰੀ 'ਤੇ ਕੁਝ ਸਵਾਲੀਆ ਚਿੰਨ ਲਗਾਏ ਨੇ ਜੋ ਕਿ ਬੜੇ ਹੀ ਸਾਰਥਕ ਜਾਪਦੇ ਨੇ। ਕਿਉਂਕਿ ਸਰਕਾਰ ਜੇ ਸਿਰਫ਼ ਇੱਕ ਬਿੱਲ ਪਾਸ ਕਰ ਕੇ ਸੋਚਦੀ ਹੈ ਕਿ ਉਸਦੀ ਜ਼ਿੰਮੇਦਾਰੀ ਪੂਰੀ ਹੋ ਗਈ ਹੈ ਤਾਂ ਉਹ ਟਪਲਾ ਖਾ ਰਹੀ ਹੈ, ਕਿਉਂਕਿ ਸਰਕਾਰ ਨੇ ਬਿੱਲ ਪਾਸ ਕਰ ਕੇ ਵੀ ਇਸ ਵਿੱਚ ਕਈ ਉਹਲੇ ਰੱਖੇ ਹੋਏ ਨੇ ਤੇ ਆਪਣੇ ਪਿਆਰੇ ਕਰਮਚਾਰੀਆ ਨੂੰ ਖੁੱਲੀ ਛੋਟ ਦਿੱਤੀ ਹੋਈ ਹੈ ਅੰਗਰੇਜ਼ੀ ਵਿੱਚ ਖੇਡਾਂ ਖੇਡਣ ਦੀ। ਤਰਸੇਮ ਸਾਹਿਬ ਨੇ ਬੜਾ ਵਧੀਆ ਸਵਾਲ ਉਠਾਇਆ ਹੈ ਕਿ ਸਰਕਾਰ ਨੇ ਪੰਜਾਬੀ ਵਿੱਚ ਕੰਮ ਨਾ ਕਰਨ ਵਾਲੇ ਨੂੰ ਮਿਲਣ ਵਾਲੀ ਸਜ਼ਾ 'ਤੇ ਪਰਦਾ ਕਿਉਂ ਪਾਇਆ ਹੈ..? ਦੂਜਾ ਸਵਾਲ ਇਹ ਹੈ ਕਿ ਅਸੀਂ ਪੰਜਾਬ ਵਿੱਚ ਰਹਿ ਕੇ ਹੀ ਪੰਜਾਬੀ ਮਾਧਿਅਮ ਵਿੱਚ ਇੰਜੀਨੀਅਰਿੰਗ, ਮੈਡੀਕਲ ਅਤੇ ਵਿਗਿਆਨ ਦੀ ਪੜ੍ਹਾਈ ਕਿਉਂ ਨਹੀਂ ਕਰ ਸਕਦੇ...? ਜੇਕਰ ਸਰਕਾਰ ਇਸ ਪਾਸੇ ਵੱਲ ਥੋੜ੍ਹਾ ਧਿਆਨ ਦੇਵੇ ਤਾਂ ਜ਼ਿਆਦਾ ਵਧੀਆ ਗੱਲ ਹੈ।ਜੇ ਵਿਦਿਆਰਥੀ ਇਸ ਤਰ੍ਹਾਂ ਪੰਜਾਬੀ ਨਾਲ ਜੁੜੇ ਰਹਿਣਗੇ ਤਾਂ ਪੰਜਾਬੀ ਭਾਸ਼ਾ ਦੇ ਵਿਕਾਸ ਲਈ ਇੱਕ ਸੁਚੱਜਾ ਕਦਮ ਹੋਵੇਗਾ।
ਇੱਕ ਸਾਨੂੰ ਲੋੜ ਹੈ ਪੰਜਾਬੀ ਭਾਸ਼ਾ ਦੇ ਵਿਕਾਸ ਲਈ ਨਵੀਂ ਸ਼ਬਦਾਵਲੀ ਦੀ ਇਸ ਪੱਖੋਂ ਵੀ ਸਾਡੇ ਵਿਦਵਾਨ ਬਹੁਤ ਅਵੇਸਲੇ ਹਨ। ਅੱਜਕੱਲ੍ਹ ਭਰੂਣ ਹੱਤਿਆ ਸਭ ਤੋਂ ਵੱਧ ਭੱਖ ਰਿਹਾ ਮੁੱਦਾ ਹੈ।ਹਰ ਕਿਸੇ ਨੂੰ ਇਹ ਫ਼ਿਕਰ ਹੈ ਕਿ ਜੇ ਭਰੂਣ ਹੱਤਿਆ ਨਾ ਰੁਕੀ ਤਾਂ ਸਮਾਜ ਦਾ ਵਿਕਾਸ ਰੁਕ ਜਾਵੇਗਾ। ਮੈਂ ਇਹ ਕਹਿੰਦਾ ਹਾਂ ਕਿ ਇਵੇਂ ਹੀ ਅਗਰ ਪੰਜਾਬੀ ਭਾਸ਼ਾ ਵਿੱਚ ਨਵੀਂ ਸ਼ਬਦਾਵਲੀ ਨਾ ਪੈਦਾ ਹੋਈ ਤਾਂ ਕੀ ਪੰਜਾਬੀ ਭਾਸ਼ਾ ਦਾ ਵਿਕਾਸ ਨਹੀਂ ਰੁੱਕ ਜਾਵੇਗਾ...?
ਨਜ਼ਰੀਆ ਦਾ ਪਤਾ ਹੈ:- ਡਾ.ਐੱਸ ਤਰਸੇਮ, ਐਸ ਡੀ ਹਸਪਤਾਲ ਬਿਲਡਿੰਗ, ਸਟੇਡੀਅਮ ਰੋਡ, ਮਲੇਰਕੋਟਲਾ, ਜਿਲ੍ਹਾ ਸੰਗਰੂਰ ।
ਈ ਮੇਲ: nazariamlk@yahoo.co.in
ਦੀਪ ਨਿਰਮੋਹੀ
Share:

Friday, November 21, 2008

ਪੰਜਾਬੀ ਬਲੌਗ ਉਤਸਵ

ਲੈਕਟ੍ਰਾਨਿਕ ਮਾਧਿਅਮਾਂ ਦੇ ਆਉਂਣ ਨਾਲ ਇਹ ਕਿਹਾ ਜਾਣ ਲੱਗ ਪਿਆ ਸੀ ਕਿ ਇਸ ਨਾਲ ਪ੍ਰਿੰਟ ਮੀਡੀਏ ਨੂੰ ਢਾਅ ਲੱਗੇਗੀ। ਪਰ ਇਸਦੇ ਵਿਕਾਸ ਨੇ ਪ੍ਰਿੰਟ ਮੀਡੀਏ ਨੂੰ ਵੀ ਵਿਕਾਸ ਦੇ ਰਾਹੇ ਤੋਰ ਲਿਆ ਹੈ। ਪੰਜਾਬੀ ਦੇ ਹਿਤੈਸ਼ੀ ਇਸ ਗੱਲ ਕਾਰਨ ਝੂਰਦੇ ਰਹੇ ਨੇ ਕਿ ਕੰਪਿਊਟਰ ਪੰਜਾਬੀ ਨੂੰ ਖਾ ਜਾਵੇਗਾ, ਪਰ ਹੁਣ ਇਹ ਬਹਾਨਾ ਵੀ ਚੱਲਣ ਵਾਲਾ ਨਹੀਂ। ਕਿਉਂਕਿ ਮਾਈਕਰੋਸੋਫਟ ਨੇ ਏਨੀ ਸੁਵਿਧਾ ਦੇ ਦਿੱਤੀ ਹੈ ਕਿ ਤੁਸੀਂ ਆਪਣੇ ਕੰਪਿਉਟਰ ਉੱਤੇ ਹੀ ਨਹੀਂ, ਬਲਕਿ ਨੈੱਟ ਉੱਤੇ ਵੀ ਪੰਜਾਬੀ ਵਿਚ ਲਿਖ/ਪੜ੍ਹ ਸਕਦੇ ਹੋ। ਏਸ ਲਈ ਪੰਜਾਬੀਆਂ ਨੂੰ ਦੇਰ ਨਹੀਂ ਕਰਨੀ ਚਾਹੀਦੀ ਅਤੇ ਬਾਕੀ ਖੇਤਰਾਂ ਵਾਂਗ ਹੁਣ ਬਲੋਗਾਂ ਰਾਹੀ ਨੈੱਟ ਦੀ ਦੁਨੀਆਂ ਤੇ ਵੀ ਛਾ ਜਾਣਾ ਚਾਹੀਦਾ ਹੈ। ਦੇਰ ਨਾ ਕਰੋ। ਅੱਜ ਹੀ ਪੰਜਾਬੀ ਵਿਚ ਆਪਣਾ ਬਲੋਗ ਬਣਾਓ ਅਤੇ ਪੂਰੀ ਦੁਨੀਆਂ ਵਿਚ ਫੈਲੇ ਪੰਜਾਬੀ ਭਾਈਚਾਰੇ ਨਾਲ ਆਪਣੀ ਸਾਂਝ ਵਧਾਓ। ਸਾਨੂੰ ਨਹੀਂ ਲੱਗਦਾ ਕਿ ਹੁਣ ਵੀ ਸਾਨੂੰ ਕਿਸੇ ਹੋਰ ਮੌਕੇ ਦੀ ਉਡੀਕ ਕਰਨੀ ਚਾਹੀਦੀ ਹੈ। ਅਗਲੀ ਪੋਸਟ ਵਿੱਚ ਦੇਵਾਂਗੇ ਕੁਝ ਪੰਜਾਬੀ ਬਲੌਗਾਂ ਬਾਰੇ ਜਾਣਗਾਰੀ।
ਜੇਕਰ ਤੁਹਾਡੇ ਕੋਲ ਪੰਜਾਬੀ ਬਾਰੇ ਕੋਈ ਜਾਣਕਾਰੀ ਹੈ ਜਾਂ ਤੁਸੀਂ ਵੀ ਆਪਣੇ ਵਿਚਾਰ ਦੂਜਿਆਂ ਨਾਲ ਸਾਂਝੇ ਕਰਨਾ ਚਾਹੁੰਦੇ ਹੋ, ਤਾਂ ਸਾਨੂੰ shabadm@gmail.com ਤੇ ਈਮੇਲ ਕਰ ਸਕਦੇ ਹੋ।
-ਜਸਵੀਰ ਹੁਸੈਨ
Share:

ਤੁਹਾਡੀ ਖਿਦਮਤ ਲਈ

ਪੰਜਾਬੀ ਦੋਸਤੋ,
ਇੰਟਰਨੈਟ ਰਾਹੀਂ ਅਸੀਂ ਤੁਹਾਡੇ ਲਈ ਪੰਜਾਬੀ ਭਾਸ਼ਾ ਵਿੱਚ ਸ਼ਬਦ ਮੰਡਲ ਨਾਂ ਦਾ ਇਹ ਬਲੋਗ ਲੈ ਕੇ ਹਾਜ਼ਰ ਹੋਏ ਹਾਂ। ਪੰਜਾਬੀ ਸਾਹਿਤ, ਸੱਭਿਆਚਾਰ, ਮਨੋਰੰਜਨ ਅਤੇ ਹੋਰਨਾਂ ਖੇਤਰਾਂ ਨੂੰ ਲੈ ਕੇ ਇਸ ਬਲੋਗ ਵਿੱਚ ਤੁਹਾਨੂੰ ਪੜ੍ਹਨ ਅਤੇ ਜਾਨਣ ਲਈ ਬਹੁਤ ਕੁਝ ਮਿਲੇਗਾ। ਤੁਹਾਡੇ ਲਈ ਵੱਖ ਵੱਖ ਤਰ੍ਹਾਂ ਦੀਆਂ ਜਾਣਕਾਰੀਆਂ ਲੈ ਕੇ ਆਉਣ ਲਈ ਸਾਡੇ ਕੋਲ ਸੱਤ ਮੈਂਬਰਾਂ ਦੀ ਸੁਲਝੀ ਹੋਈ ਟੀਮ ਹੈ, ਜਿਹੜੀ ਵੱਖ ਵੱਖ ਖੇਤਰਾਂ ਦੀ ਜਾਣਕਾਰੀ ਤੁਹਾਡੀ ਮਾਤ ਭਾਸ਼ਾ ਵਿਚ ਤੁਹਾਡੇ ਨਾਲ ਸਾਂਝੀ ਕਰੇਗੀ। ਮਾਤ ਭਾਸ਼ਾ ਦੀ ਸੇਵਾ ਹਿੱਤ ਸਾਡਾ ਸਹਿਯੋਗ ਕਰੋ। ਇਸੇ ਉਮੀਦ ਨਾਲ
ਸ਼ਬਦ ਮੰਡਲ ਟੀਮ
----------

Share:

Monday, November 17, 2008

शब्‍द मंडली हाजिर है
Share:

Sponsor

AD BANNER

Subscribe Us

BANNER 728X90

ਪੰਜਾਬੀ ਦੁਨੀਆਂ

YouTube Traffic

YouTube Traffic

Learn how to get views on youtube...

Get started Blogging

Get started Blogging

Create a site on blogspot for free...

Visitors

Search This Blog

3/related/default

Breaking

Ad Space

Responsive Advertisement

Beauty

Text Widget

ਸ਼ਬਦ ਮੰਡਲ

ਐਡੀਟੋਰੀਅਲ ਟੀਮ
ਪਾਵਸੀ ਕਿਤਾਬਖ਼ਾਨਾ

Categories

Advertise

Popular Posts