----
ਤੇਰਾ ਚੁੱਪ-ਚਾਪ
ਸ਼ਬਦਾ ਦੇ ਅਰਥਾਂ'ਚ
ਸ਼ਾਮਲ ਹੋ ਜਾਣਾ..
ਕਿਤੇ ਮੇਰੀ ਕਾਵਿ-ਰਚਨਾ ਤਾਂ ਨਹੀਂ-
ਤੇਰੇ ਨੈਣ-ਨਕਸ਼ਾਂ ਦਾ
ਮੇਰੇ ਚਿਹਰੇ'ਤੇ
ਦੱਬੇ-ਕਦਮੀਂ ਉਤਰ ਅਉਣਾ..
ਕਿਤੇ ਮੇਰੀ ਪਹਿਚਾਣ ਤਾਂ ਨਹੀਂ-
ਤੇਰਾ ਆਪ-ਮੁਹਾਰੇ
ਮੇਰੇ ਡੁੱਲੇ 'ਤੇ ਬੇਖਬਰ
ਰੰਗਾਂ'ਚ ਰੰਗੇ ਜਾਣਾ..
ਕਿਤੇ ਮੇਰੀ ਕਲਪਨਾ ਤਾਂ ਨਹੀ-
ਤੇਰਾ ਅੰਤਰਮਨ ਦੀਆਂ
ਪੌੜੀਆ ਉਤਰ
ਚਿੰਤਨ 'ਚ ਸ਼ਾਮਲ ਹੋਣਾ..
ਕਿਤੇ ਮੇਰੀ ਸਾਧਨਾ ਤਾਂ ਨਹੀਂ-
ਤੇਰਾ ਹਵਾ ਦੇ ਝੌਂਕੇ ਵਾਂਗ
ਛੂਹ ਜਾਣਾ,
ਕੰਬਣ-ਸੁਰਾਂ ਜਗਾ ਦੇਣਾ..
ਕਿਤੇ ਮੇਰਾ ਵਹਿਮ ਤਾਂ ਨਹੀਂ-
ਤੇਰਾ ਤੁਰਦੇ -ਤੁਰਦੇ
ਵਿਦਾਇਗੀ ਦੇਣਾ
'ਤੇ
ਮੇਰਾ 'ਅਲਵਿਦਾ'ਆਖ ਦੇਣਾ..
ਕਿਤੇ ਮੇਰੀ ਪਰਾਪਤੀ ਤਾਂ ਨਹੀਂ-
-ਗੁਰਪਰੀਤ ਗਿੱਲ
gillgurpreet14@yahoo.ca






















ਇਲੈਕਟ੍ਰਾਨਿਕ ਮਾਧਿਅਮਾਂ ਦੇ ਆਉਂਣ ਨਾਲ ਇਹ ਕਿਹਾ ਜਾਣ ਲੱਗ ਪਿਆ ਸੀ ਕਿ ਇਸ ਨਾਲ ਪ੍ਰਿੰਟ ਮੀਡੀਏ ਨੂੰ ਢਾਅ ਲੱਗੇਗੀ। ਪਰ ਇਸਦੇ ਵਿਕਾਸ ਨੇ ਪ੍ਰਿੰਟ ਮੀਡੀਏ ਨੂੰ ਵੀ ਵਿਕਾਸ ਦੇ ਰਾਹੇ ਤੋਰ ਲਿਆ ਹੈ। ਪੰਜਾਬੀ ਦੇ ਹਿਤੈਸ਼ੀ ਇਸ ਗੱਲ ਕਾਰਨ ਝੂਰਦੇ ਰਹੇ ਨੇ ਕਿ ਕੰਪਿਊਟਰ ਪੰਜਾਬੀ ਨੂੰ ਖਾ ਜਾਵੇਗਾ, ਪਰ ਹੁਣ ਇਹ ਬਹਾਨਾ ਵੀ ਚੱਲਣ ਵਾਲਾ ਨਹੀਂ। ਕਿਉਂਕਿ ਮਾਈਕਰੋਸੋਫਟ ਨੇ ਏਨੀ ਸੁਵਿਧਾ ਦੇ ਦਿੱਤੀ ਹੈ ਕਿ ਤੁਸੀਂ ਆਪਣੇ ਕੰਪਿਉਟਰ ਉੱਤੇ ਹੀ ਨਹੀਂ, ਬਲਕਿ ਨੈੱਟ ਉੱਤੇ ਵੀ ਪੰਜਾਬੀ ਵਿਚ ਲਿਖ/ਪੜ੍ਹ ਸਕਦੇ ਹੋ। ਏਸ ਲਈ ਪੰਜਾਬੀਆਂ ਨੂੰ ਦੇਰ ਨਹੀਂ ਕਰਨੀ ਚਾਹੀਦੀ ਅਤੇ ਬਾਕੀ ਖੇਤਰਾਂ ਵਾਂਗ ਹੁਣ ਬਲੋਗਾਂ ਰਾਹੀ ਨੈੱਟ ਦੀ ਦੁਨੀਆਂ ਤੇ ਵੀ ਛਾ ਜਾਣਾ ਚਾਹੀਦਾ ਹੈ। ਦੇਰ ਨਾ ਕਰੋ। ਅੱਜ ਹੀ ਪੰਜਾਬੀ ਵਿਚ ਆਪਣਾ ਬਲੋਗ ਬਣਾਓ ਅਤੇ ਪੂਰੀ ਦੁਨੀਆਂ ਵਿਚ ਫੈਲੇ ਪੰਜਾਬੀ ਭਾਈਚਾਰੇ ਨਾਲ ਆਪਣੀ ਸਾਂਝ ਵਧਾਓ। ਸਾਨੂੰ ਨਹੀਂ ਲੱਗਦਾ ਕਿ ਹੁਣ ਵੀ ਸਾਨੂੰ ਕਿਸੇ ਹੋਰ ਮੌਕੇ ਦੀ ਉਡੀਕ ਕਰਨੀ ਚਾਹੀਦੀ ਹੈ। ਅਗਲੀ ਪੋਸਟ ਵਿੱਚ ਦੇਵਾਂਗੇ ਕੁਝ ਪੰਜਾਬੀ ਬਲੌਗਾਂ ਬਾਰੇ ਜਾਣਗਾਰੀ।