ਗੁਰਪ੍ਰੀਤ ਨਵੀਂ ਪੰਜਾਬੀ ਕਵਿਤਾ ਦਾ ਪ੍ਰਤੀਨਿਧ ਹਸਤਾਖਰ ਹੈ। ਹੁਣ ਤੱਕ ਉਸਦੀਆਂ ਦੋ ਕਾਵਿ ਪੁਸਤਕਾਂ ਸ਼ਬਦਾਂ ਦੀ ਮਰਜ਼ੀ ਅਤੇ ਅਕਾਰਨ ਪਰਕਾਸ਼ਤ ਹੋ ਚੁੱਕੀਆਂ ਹਨ। ਪੇਂਟਿੰਗ ਵਿੱਚ ਗਹਿਰੀ ਰੁਚੀ ਰਖਦੇ ਹਨ।ਮਾਂ ਬੋਲੀ * ਗੁਰਪ੍ਰੀਤ
ਮਾਂ ਬੋਲੀ
ਮੇਰੇ ਵਿਸ਼ਵਾਸ਼ ਦੀ ਧਰਤ
ਜਿਸ 'ਤੇ ਮੈਂ ਮੜ੍ਹਕ ਨਾਲ ਤੁਰਾਂ
ਉਥੇ ਜਾਵਾਂ
ਜਿਥੇ ਸੁਫਨੇ ਕਹਿਣ
ਮਾਂ ਬੋਲੀ ਆਲ੍ਹਣਾ ਜਗ ਦੀ ਟਹਿਣੀ
ਚੋਗ ਚੁਗਣ ਕਿਤੇ ਵੀ ਜਾਵਾਂ
ਆਥਣ ਵੇਲੇ ਅੰਦਰ ਇਹਦੇ
ਮੁੜ ਆਣ ਸੌਂਵਾਂ
ਮਾਂ ਬੋਲੀ
ਚੁਲ੍ਹੇ ਦੁਆਲੇ ਟੱਬਰ
ਛਟੀਆਂ ਦੀ ਅੱਗ
ਫੁਲਦੀ ਰੋਟੀ
ਛੰਨੇ 'ਚ ਘਿਉ ਸ਼ੱਕਰ ?
ਮਾਂ ਬੋਲੀ
ਸਾਹ ਆਉਂਦੇ ਜਾਂਦੇ
ਮੇਰੇ ਕੋਲ ਪੜ੍ਹਦੇ ਬੱਚਿਆਂ ਦੇ
ਝੱਗੇ ਭਾਵੇਂ ਪਾਟੇ
ਬੈਠਣ ਤੱਪੜ
ਰਾਜੇ ਉਹ ਆਪਣੇ ਆਪ ਦੇ
ਮਾਂ ਬੋਲੀ 'ਚ ਗੱਲ ਜਿਹੜੀ
ਮਾਂ ਨਾਲ ਕਰਾਂ
ਧੁਰ ਅੰਦਰ ਉਤਰਾਂ
ਕਵਿਤਾ ਸੁਣਦਿਆਂ
ਮਾਂ ਬੋਲੀ 'ਚ
ਧੀ ਮੇਰੀ ਸ਼ਰਾਰਤਨ
ਵਾਹ ਵਾਹ ਕਹੇ
ਪੁੱਤ ਲੋਟਣੀਆਂ ਪੁਠੀਆਂ ਲਾਵੇ
ਕਰੇ ਕਲੋਲਾਂ
ਮਾਂ ਬੋਲੀ 'ਚ
ਨਾਲ ਦੀ ਮੇਰੇ
ਕੋਈ ਗੱਲ ਕਹੇ
ਲਾਜਵੰਤੀ ਦੇ ਪੱਤਿਆਂ ਵਾਂਗ ਸੰਙੇ
ਮਾਂ ਬੋਲੀ ਤੋਂ ਬਾਹਰ
ਮੈਂ ਕੁਝ ਵੀ ਨਹੀਂ
ਮਾਂ ਬੋਲੀ 'ਚ ਸਭ ਕੁਝ ।।

















ਇਲੈਕਟ੍ਰਾਨਿਕ ਮਾਧਿਅਮਾਂ ਦੇ ਆਉਂਣ ਨਾਲ ਇਹ ਕਿਹਾ ਜਾਣ ਲੱਗ ਪਿਆ ਸੀ ਕਿ ਇਸ ਨਾਲ ਪ੍ਰਿੰਟ ਮੀਡੀਏ ਨੂੰ ਢਾਅ ਲੱਗੇਗੀ। ਪਰ ਇਸਦੇ ਵਿਕਾਸ ਨੇ ਪ੍ਰਿੰਟ ਮੀਡੀਏ ਨੂੰ ਵੀ ਵਿਕਾਸ ਦੇ ਰਾਹੇ ਤੋਰ ਲਿਆ ਹੈ। ਪੰਜਾਬੀ ਦੇ ਹਿਤੈਸ਼ੀ ਇਸ ਗੱਲ ਕਾਰਨ ਝੂਰਦੇ ਰਹੇ ਨੇ ਕਿ ਕੰਪਿਊਟਰ ਪੰਜਾਬੀ ਨੂੰ ਖਾ ਜਾਵੇਗਾ, ਪਰ ਹੁਣ ਇਹ ਬਹਾਨਾ ਵੀ ਚੱਲਣ ਵਾਲਾ ਨਹੀਂ। ਕਿਉਂਕਿ ਮਾਈਕਰੋਸੋਫਟ ਨੇ ਏਨੀ ਸੁਵਿਧਾ ਦੇ ਦਿੱਤੀ ਹੈ ਕਿ ਤੁਸੀਂ ਆਪਣੇ ਕੰਪਿਉਟਰ ਉੱਤੇ ਹੀ ਨਹੀਂ, ਬਲਕਿ ਨੈੱਟ ਉੱਤੇ ਵੀ ਪੰਜਾਬੀ ਵਿਚ ਲਿਖ/ਪੜ੍ਹ ਸਕਦੇ ਹੋ। ਏਸ ਲਈ ਪੰਜਾਬੀਆਂ ਨੂੰ ਦੇਰ ਨਹੀਂ ਕਰਨੀ ਚਾਹੀਦੀ ਅਤੇ ਬਾਕੀ ਖੇਤਰਾਂ ਵਾਂਗ ਹੁਣ ਬਲੋਗਾਂ ਰਾਹੀ ਨੈੱਟ ਦੀ ਦੁਨੀਆਂ ਤੇ ਵੀ ਛਾ ਜਾਣਾ ਚਾਹੀਦਾ ਹੈ। ਦੇਰ ਨਾ ਕਰੋ। ਅੱਜ ਹੀ ਪੰਜਾਬੀ ਵਿਚ ਆਪਣਾ ਬਲੋਗ ਬਣਾਓ ਅਤੇ ਪੂਰੀ ਦੁਨੀਆਂ ਵਿਚ ਫੈਲੇ ਪੰਜਾਬੀ ਭਾਈਚਾਰੇ ਨਾਲ ਆਪਣੀ ਸਾਂਝ ਵਧਾਓ। ਸਾਨੂੰ ਨਹੀਂ ਲੱਗਦਾ ਕਿ ਹੁਣ ਵੀ ਸਾਨੂੰ ਕਿਸੇ ਹੋਰ ਮੌਕੇ ਦੀ ਉਡੀਕ ਕਰਨੀ ਚਾਹੀਦੀ ਹੈ। ਅਗਲੀ ਪੋਸਟ ਵਿੱਚ ਦੇਵਾਂਗੇ ਕੁਝ ਪੰਜਾਬੀ ਬਲੌਗਾਂ ਬਾਰੇ ਜਾਣਗਾਰੀ।