ਬੜੀ ਖੁਸ਼ੀ ਦੀ ਗੱਲ ਹੈ ਕਿ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਨ ਵਿੱਚ ਲੋਕ ਲਗਾਤਾਰ ਲੱਗੇ ਹੋਏ ਹਨ। ਜਲੰਧਰ ਦੇ ਗੁਰਿੰਦਰਜੀਤ ਸਿੰਘ ਨਾਗਰਾ ਵੀ ਇਸ ਕੰਮ ਵਿੱਚ ਤਨਦੇਹੀ ਨਾਲ ਜੁਟੇ ਹੋਏ ਹਨ। ਉਹ ਜਲੰਧਰ ਤੋਂ ਹੀ ਇੰਟਰਨੈਟ ਅਖਬਾਰ ਪੰਜਾਬ ਹੋਟਲਾਈਨ ਚਲਾ ਰਹੇ ਹਨ। ਪੰਜਾਬੀ ਦੀ ਇਹ ਰੋਜ਼ਾਨਾ ਅਖਬਾਰ ਭਾਰਤ ਸਮੇਤ ਕਈ ਬਾਹਰਲੇ ਮੁਲਕਾਂ ਵਿੱਚ ਪੜ੍ਹੀ ਜਾਂਦੀ ਹੈ। ਇਸ ਵਿੱਚ ਖਬਰਾਂ ਤੋਂ ਇਲਾਵਾ ਕਈ ਤਰ੍ਹਾਂ ਦੀ ਉਪਯੋਗੀ ਜਾਣਕਾਰੀ ਹੈ। ਹੋਰ ਤਾਂ ਹੋਰ ਸਾਈਟ ਉੱਤੇ ਪੰਜਾਬੀ ਗਾਣਿਆਂ ਦੇ ਲਿੰਕ ਵੀ ਹਨ।Sunday, November 30, 2008
ਜਲੰਧਰ ਤੋਂ ਇੰਟਰਨੈਟ ਅਖਬਾਰ
ਬੜੀ ਖੁਸ਼ੀ ਦੀ ਗੱਲ ਹੈ ਕਿ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਨ ਵਿੱਚ ਲੋਕ ਲਗਾਤਾਰ ਲੱਗੇ ਹੋਏ ਹਨ। ਜਲੰਧਰ ਦੇ ਗੁਰਿੰਦਰਜੀਤ ਸਿੰਘ ਨਾਗਰਾ ਵੀ ਇਸ ਕੰਮ ਵਿੱਚ ਤਨਦੇਹੀ ਨਾਲ ਜੁਟੇ ਹੋਏ ਹਨ। ਉਹ ਜਲੰਧਰ ਤੋਂ ਹੀ ਇੰਟਰਨੈਟ ਅਖਬਾਰ ਪੰਜਾਬ ਹੋਟਲਾਈਨ ਚਲਾ ਰਹੇ ਹਨ। ਪੰਜਾਬੀ ਦੀ ਇਹ ਰੋਜ਼ਾਨਾ ਅਖਬਾਰ ਭਾਰਤ ਸਮੇਤ ਕਈ ਬਾਹਰਲੇ ਮੁਲਕਾਂ ਵਿੱਚ ਪੜ੍ਹੀ ਜਾਂਦੀ ਹੈ। ਇਸ ਵਿੱਚ ਖਬਰਾਂ ਤੋਂ ਇਲਾਵਾ ਕਈ ਤਰ੍ਹਾਂ ਦੀ ਉਪਯੋਗੀ ਜਾਣਕਾਰੀ ਹੈ। ਹੋਰ ਤਾਂ ਹੋਰ ਸਾਈਟ ਉੱਤੇ ਪੰਜਾਬੀ ਗਾਣਿਆਂ ਦੇ ਲਿੰਕ ਵੀ ਹਨ।ਗੁਰਿੰਦਰਜੀਤ ਹੁਰਾਂ ਨੂੰ ਸ਼ਬਦ ਮੰਡਲ ਵੱਲੋਂ ਵਧਾਈਆਂ।
ਨਵਿਅਵੇਸ਼ ਨਵਰਾਹੀ
Saturday, November 29, 2008
ਆਓ ਗੱਲ ਕਰੀਏ ਪੰਜਾਬੀ ਭਾਸ਼ਾ ਦੀ.
ਅਕਤੂਬਰ-ਦਸੰਬਰ, 2008 ਮਹੀਨੇ ਦੇ ਨਜ਼ਰੀਆ ਰਸਾਲੇ ਵਿੱਚ ਸੰਪਾਦਕ ਡਾ: ਐੱਸ ਤਰਸੇਮ ਸਾਹਿਬ ਨੇ ਪੰਜਾਬੀ ਭਾਸ਼ਾ 'ਤੇ ਸਰਕਾਰ ਦੀ ਕਾਰਗੁਜ਼ਾਰੀ 'ਤੇ ਕੁਝ ਸਵਾਲੀਆ ਚਿੰਨ ਲਗਾਏ ਨੇ ਜੋ ਕਿ ਬੜੇ ਹੀ ਸਾਰਥਕ ਜਾਪਦੇ ਨੇ। ਕਿਉਂਕਿ ਸਰਕਾਰ ਜੇ ਸਿਰਫ਼ ਇੱਕ ਬਿੱਲ ਪਾਸ ਕਰ ਕੇ ਸੋਚਦੀ ਹੈ ਕਿ ਉਸਦੀ ਜ਼ਿੰਮੇਦਾਰੀ ਪੂਰੀ ਹੋ ਗਈ ਹੈ ਤਾਂ ਉਹ ਟਪਲਾ ਖਾ ਰਹੀ ਹੈ, ਕਿਉਂਕਿ ਸਰਕਾਰ ਨੇ ਬਿੱਲ ਪਾਸ ਕਰ ਕੇ ਵੀ ਇਸ ਵਿੱਚ ਕਈ ਉਹਲੇ ਰੱਖੇ ਹੋਏ ਨੇ ਤੇ ਆਪਣੇ ਪਿਆਰੇ ਕਰਮਚਾਰੀਆ ਨੂੰ ਖੁੱਲੀ ਛੋਟ ਦਿੱਤੀ ਹੋਈ ਹੈ ਅੰਗਰੇਜ਼ੀ ਵਿੱਚ ਖੇਡਾਂ ਖੇਡਣ ਦੀ। ਤਰਸੇਮ ਸਾਹਿਬ ਨੇ ਬੜਾ ਵਧੀਆ ਸਵਾਲ ਉਠਾਇਆ ਹੈ ਕਿ ਸਰਕਾਰ ਨੇ ਪੰਜਾਬੀ ਵਿੱਚ ਕੰਮ ਨਾ ਕਰਨ ਵਾਲੇ ਨੂੰ ਮਿਲਣ ਵਾਲੀ ਸਜ਼ਾ 'ਤੇ ਪਰਦਾ ਕਿਉਂ ਪਾਇਆ ਹੈ..? ਦੂਜਾ ਸਵਾਲ ਇਹ ਹੈ ਕਿ ਅਸੀਂ ਪੰਜਾਬ ਵਿੱਚ ਰਹਿ ਕੇ ਹੀ ਪੰਜਾਬੀ ਮਾਧਿਅਮ ਵਿੱਚ ਇੰਜੀਨੀਅਰਿੰਗ, ਮੈਡੀਕਲ ਅਤੇ ਵਿਗਿਆਨ ਦੀ ਪੜ੍ਹਾਈ ਕਿਉਂ ਨਹੀਂ ਕਰ ਸਕਦੇ...? ਜੇਕਰ ਸਰਕਾਰ ਇਸ ਪਾਸੇ ਵੱਲ ਥੋੜ੍ਹਾ ਧਿਆਨ ਦੇਵੇ ਤਾਂ ਜ਼ਿਆਦਾ ਵਧੀਆ ਗੱਲ ਹੈ।ਜੇ ਵਿਦਿਆਰਥੀ ਇਸ ਤਰ੍ਹਾਂ ਪੰਜਾਬੀ ਨਾਲ ਜੁੜੇ ਰਹਿਣਗੇ ਤਾਂ ਪੰਜਾਬੀ ਭਾਸ਼ਾ ਦੇ ਵਿਕਾਸ ਲਈ ਇੱਕ ਸੁਚੱਜਾ ਕਦਮ ਹੋਵੇਗਾ।ਇੱਕ ਸਾਨੂੰ ਲੋੜ ਹੈ ਪੰਜਾਬੀ ਭਾਸ਼ਾ ਦੇ ਵਿਕਾਸ ਲਈ ਨਵੀਂ ਸ਼ਬਦਾਵਲੀ ਦੀ ਇਸ ਪੱਖੋਂ ਵੀ ਸਾਡੇ ਵਿਦਵਾਨ ਬਹੁਤ ਅਵੇਸਲੇ ਹਨ। ਅੱਜਕੱਲ੍ਹ ਭਰੂਣ ਹੱਤਿਆ ਸਭ ਤੋਂ ਵੱਧ ਭੱਖ ਰਿਹਾ ਮੁੱਦਾ ਹੈ।ਹਰ ਕਿਸੇ ਨੂੰ ਇਹ ਫ਼ਿਕਰ ਹੈ ਕਿ ਜੇ ਭਰੂਣ ਹੱਤਿਆ ਨਾ ਰੁਕੀ ਤਾਂ ਸਮਾਜ ਦਾ ਵਿਕਾਸ ਰੁਕ ਜਾਵੇਗਾ। ਮੈਂ ਇਹ ਕਹਿੰਦਾ ਹਾਂ ਕਿ ਇਵੇਂ ਹੀ ਅਗਰ ਪੰਜਾਬੀ ਭਾਸ਼ਾ ਵਿੱਚ ਨਵੀਂ ਸ਼ਬਦਾਵਲੀ ਨਾ ਪੈਦਾ ਹੋਈ ਤਾਂ ਕੀ ਪੰਜਾਬੀ ਭਾਸ਼ਾ ਦਾ ਵਿਕਾਸ ਨਹੀਂ ਰੁੱਕ ਜਾਵੇਗਾ...?
ਨਜ਼ਰੀਆ ਦਾ ਪਤਾ ਹੈ:- ਡਾ.ਐੱਸ ਤਰਸੇਮ, ਐਸ ਡੀ ਹਸਪਤਾਲ ਬਿਲਡਿੰਗ, ਸਟੇਡੀਅਮ ਰੋਡ, ਮਲੇਰਕੋਟਲਾ, ਜਿਲ੍ਹਾ ਸੰਗਰੂਰ ।
ਈ ਮੇਲ: nazariamlk@yahoo.co.in
ਦੀਪ ਨਿਰਮੋਹੀ
Friday, November 21, 2008
ਪੰਜਾਬੀ ਬਲੌਗ ਉਤਸਵ
ਇਲੈਕਟ੍ਰਾਨਿਕ ਮਾਧਿਅਮਾਂ ਦੇ ਆਉਂਣ ਨਾਲ ਇਹ ਕਿਹਾ ਜਾਣ ਲੱਗ ਪਿਆ ਸੀ ਕਿ ਇਸ ਨਾਲ ਪ੍ਰਿੰਟ ਮੀਡੀਏ ਨੂੰ ਢਾਅ ਲੱਗੇਗੀ। ਪਰ ਇਸਦੇ ਵਿਕਾਸ ਨੇ ਪ੍ਰਿੰਟ ਮੀਡੀਏ ਨੂੰ ਵੀ ਵਿਕਾਸ ਦੇ ਰਾਹੇ ਤੋਰ ਲਿਆ ਹੈ। ਪੰਜਾਬੀ ਦੇ ਹਿਤੈਸ਼ੀ ਇਸ ਗੱਲ ਕਾਰਨ ਝੂਰਦੇ ਰਹੇ ਨੇ ਕਿ ਕੰਪਿਊਟਰ ਪੰਜਾਬੀ ਨੂੰ ਖਾ ਜਾਵੇਗਾ, ਪਰ ਹੁਣ ਇਹ ਬਹਾਨਾ ਵੀ ਚੱਲਣ ਵਾਲਾ ਨਹੀਂ। ਕਿਉਂਕਿ ਮਾਈਕਰੋਸੋਫਟ ਨੇ ਏਨੀ ਸੁਵਿਧਾ ਦੇ ਦਿੱਤੀ ਹੈ ਕਿ ਤੁਸੀਂ ਆਪਣੇ ਕੰਪਿਉਟਰ ਉੱਤੇ ਹੀ ਨਹੀਂ, ਬਲਕਿ ਨੈੱਟ ਉੱਤੇ ਵੀ ਪੰਜਾਬੀ ਵਿਚ ਲਿਖ/ਪੜ੍ਹ ਸਕਦੇ ਹੋ। ਏਸ ਲਈ ਪੰਜਾਬੀਆਂ ਨੂੰ ਦੇਰ ਨਹੀਂ ਕਰਨੀ ਚਾਹੀਦੀ ਅਤੇ ਬਾਕੀ ਖੇਤਰਾਂ ਵਾਂਗ ਹੁਣ ਬਲੋਗਾਂ ਰਾਹੀ ਨੈੱਟ ਦੀ ਦੁਨੀਆਂ ਤੇ ਵੀ ਛਾ ਜਾਣਾ ਚਾਹੀਦਾ ਹੈ। ਦੇਰ ਨਾ ਕਰੋ। ਅੱਜ ਹੀ ਪੰਜਾਬੀ ਵਿਚ ਆਪਣਾ ਬਲੋਗ ਬਣਾਓ ਅਤੇ ਪੂਰੀ ਦੁਨੀਆਂ ਵਿਚ ਫੈਲੇ ਪੰਜਾਬੀ ਭਾਈਚਾਰੇ ਨਾਲ ਆਪਣੀ ਸਾਂਝ ਵਧਾਓ। ਸਾਨੂੰ ਨਹੀਂ ਲੱਗਦਾ ਕਿ ਹੁਣ ਵੀ ਸਾਨੂੰ ਕਿਸੇ ਹੋਰ ਮੌਕੇ ਦੀ ਉਡੀਕ ਕਰਨੀ ਚਾਹੀਦੀ ਹੈ। ਅਗਲੀ ਪੋਸਟ ਵਿੱਚ ਦੇਵਾਂਗੇ ਕੁਝ ਪੰਜਾਬੀ ਬਲੌਗਾਂ ਬਾਰੇ ਜਾਣਗਾਰੀ।ਜੇਕਰ ਤੁਹਾਡੇ ਕੋਲ ਪੰਜਾਬੀ ਬਾਰੇ ਕੋਈ ਜਾਣਕਾਰੀ ਹੈ ਜਾਂ ਤੁਸੀਂ ਵੀ ਆਪਣੇ ਵਿਚਾਰ ਦੂਜਿਆਂ ਨਾਲ ਸਾਂਝੇ ਕਰਨਾ ਚਾਹੁੰਦੇ ਹੋ, ਤਾਂ ਸਾਨੂੰ shabadm@gmail.com ਤੇ ਈਮੇਲ ਕਰ ਸਕਦੇ ਹੋ।
-ਜਸਵੀਰ ਹੁਸੈਨ
ਤੁਹਾਡੀ ਖਿਦਮਤ ਲਈ
ਪੰਜਾਬੀ ਦੋਸਤੋ,
ਇੰਟਰਨੈਟ ਰਾਹੀਂ ਅਸੀਂ ਤੁਹਾਡੇ ਲਈ ਪੰਜਾਬੀ ਭਾਸ਼ਾ ਵਿੱਚ ਸ਼ਬਦ ਮੰਡਲ ਨਾਂ ਦਾ ਇਹ ਬਲੋਗ ਲੈ ਕੇ ਹਾਜ਼ਰ ਹੋਏ ਹਾਂ। ਪੰਜਾਬੀ ਸਾਹਿਤ, ਸੱਭਿਆਚਾਰ, ਮਨੋਰੰਜਨ ਅਤੇ ਹੋਰਨਾਂ ਖੇਤਰਾਂ ਨੂੰ ਲੈ ਕੇ ਇਸ ਬਲੋਗ ਵਿੱਚ ਤੁਹਾਨੂੰ ਪੜ੍ਹਨ ਅਤੇ ਜਾਨਣ ਲਈ ਬਹੁਤ ਕੁਝ ਮਿਲੇਗਾ। ਤੁਹਾਡੇ ਲਈ ਵੱਖ ਵੱਖ ਤਰ੍ਹਾਂ ਦੀਆਂ ਜਾਣਕਾਰੀਆਂ ਲੈ ਕੇ ਆਉਣ ਲਈ ਸਾਡੇ ਕੋਲ ਸੱਤ ਮੈਂਬਰਾਂ ਦੀ ਸੁਲਝੀ ਹੋਈ ਟੀਮ ਹੈ, ਜਿਹੜੀ ਵੱਖ ਵੱਖ ਖੇਤਰਾਂ ਦੀ ਜਾਣਕਾਰੀ ਤੁਹਾਡੀ ਮਾਤ ਭਾਸ਼ਾ ਵਿਚ ਤੁਹਾਡੇ ਨਾਲ ਸਾਂਝੀ ਕਰੇਗੀ। ਮਾਤ ਭਾਸ਼ਾ ਦੀ ਸੇਵਾ ਹਿੱਤ ਸਾਡਾ ਸਹਿਯੋਗ ਕਰੋ। ਇਸੇ ਉਮੀਦ ਨਾਲ
ਸ਼ਬਦ ਮੰਡਲ ਟੀਮ
----------










