ਅਕਤੂਬਰ-ਦਸੰਬਰ, 2008 ਮਹੀਨੇ ਦੇ ਨਜ਼ਰੀਆ ਰਸਾਲੇ ਵਿੱਚ ਸੰਪਾਦਕ ਡਾ: ਐੱਸ ਤਰਸੇਮ ਸਾਹਿਬ ਨੇ ਪੰਜਾਬੀ ਭਾਸ਼ਾ 'ਤੇ ਸਰਕਾਰ ਦੀ ਕਾਰਗੁਜ਼ਾਰੀ 'ਤੇ ਕੁਝ ਸਵਾਲੀਆ ਚਿੰਨ ਲਗਾਏ ਨੇ ਜੋ ਕਿ ਬੜੇ ਹੀ ਸਾਰਥਕ ਜਾਪਦੇ ਨੇ। ਕਿਉਂਕਿ ਸਰਕਾਰ ਜੇ ਸਿਰਫ਼ ਇੱਕ ਬਿੱਲ ਪਾਸ ਕਰ ਕੇ ਸੋਚਦੀ ਹੈ ਕਿ ਉਸਦੀ ਜ਼ਿੰਮੇਦਾਰੀ ਪੂਰੀ ਹੋ ਗਈ ਹੈ ਤਾਂ ਉਹ ਟਪਲਾ ਖਾ ਰਹੀ ਹੈ, ਕਿਉਂਕਿ ਸਰਕਾਰ ਨੇ ਬਿੱਲ ਪਾਸ ਕਰ ਕੇ ਵੀ ਇਸ ਵਿੱਚ ਕਈ ਉਹਲੇ ਰੱਖੇ ਹੋਏ ਨੇ ਤੇ ਆਪਣੇ ਪਿਆਰੇ ਕਰਮਚਾਰੀਆ ਨੂੰ ਖੁੱਲੀ ਛੋਟ ਦਿੱਤੀ ਹੋਈ ਹੈ ਅੰਗਰੇਜ਼ੀ ਵਿੱਚ ਖੇਡਾਂ ਖੇਡਣ ਦੀ। ਤਰਸੇਮ ਸਾਹਿਬ ਨੇ ਬੜਾ ਵਧੀਆ ਸਵਾਲ ਉਠਾਇਆ ਹੈ ਕਿ ਸਰਕਾਰ ਨੇ ਪੰਜਾਬੀ ਵਿੱਚ ਕੰਮ ਨਾ ਕਰਨ ਵਾਲੇ ਨੂੰ ਮਿਲਣ ਵਾਲੀ ਸਜ਼ਾ 'ਤੇ ਪਰਦਾ ਕਿਉਂ ਪਾਇਆ ਹੈ..? ਦੂਜਾ ਸਵਾਲ ਇਹ ਹੈ ਕਿ ਅਸੀਂ ਪੰਜਾਬ ਵਿੱਚ ਰਹਿ ਕੇ ਹੀ ਪੰਜਾਬੀ ਮਾਧਿਅਮ ਵਿੱਚ ਇੰਜੀਨੀਅਰਿੰਗ, ਮੈਡੀਕਲ ਅਤੇ ਵਿਗਿਆਨ ਦੀ ਪੜ੍ਹਾਈ ਕਿਉਂ ਨਹੀਂ ਕਰ ਸਕਦੇ...? ਜੇਕਰ ਸਰਕਾਰ ਇਸ ਪਾਸੇ ਵੱਲ ਥੋੜ੍ਹਾ ਧਿਆਨ ਦੇਵੇ ਤਾਂ ਜ਼ਿਆਦਾ ਵਧੀਆ ਗੱਲ ਹੈ।ਜੇ ਵਿਦਿਆਰਥੀ ਇਸ ਤਰ੍ਹਾਂ ਪੰਜਾਬੀ ਨਾਲ ਜੁੜੇ ਰਹਿਣਗੇ ਤਾਂ ਪੰਜਾਬੀ ਭਾਸ਼ਾ ਦੇ ਵਿਕਾਸ ਲਈ ਇੱਕ ਸੁਚੱਜਾ ਕਦਮ ਹੋਵੇਗਾ।ਇੱਕ ਸਾਨੂੰ ਲੋੜ ਹੈ ਪੰਜਾਬੀ ਭਾਸ਼ਾ ਦੇ ਵਿਕਾਸ ਲਈ ਨਵੀਂ ਸ਼ਬਦਾਵਲੀ ਦੀ ਇਸ ਪੱਖੋਂ ਵੀ ਸਾਡੇ ਵਿਦਵਾਨ ਬਹੁਤ ਅਵੇਸਲੇ ਹਨ। ਅੱਜਕੱਲ੍ਹ ਭਰੂਣ ਹੱਤਿਆ ਸਭ ਤੋਂ ਵੱਧ ਭੱਖ ਰਿਹਾ ਮੁੱਦਾ ਹੈ।ਹਰ ਕਿਸੇ ਨੂੰ ਇਹ ਫ਼ਿਕਰ ਹੈ ਕਿ ਜੇ ਭਰੂਣ ਹੱਤਿਆ ਨਾ ਰੁਕੀ ਤਾਂ ਸਮਾਜ ਦਾ ਵਿਕਾਸ ਰੁਕ ਜਾਵੇਗਾ। ਮੈਂ ਇਹ ਕਹਿੰਦਾ ਹਾਂ ਕਿ ਇਵੇਂ ਹੀ ਅਗਰ ਪੰਜਾਬੀ ਭਾਸ਼ਾ ਵਿੱਚ ਨਵੀਂ ਸ਼ਬਦਾਵਲੀ ਨਾ ਪੈਦਾ ਹੋਈ ਤਾਂ ਕੀ ਪੰਜਾਬੀ ਭਾਸ਼ਾ ਦਾ ਵਿਕਾਸ ਨਹੀਂ ਰੁੱਕ ਜਾਵੇਗਾ...?
ਨਜ਼ਰੀਆ ਦਾ ਪਤਾ ਹੈ:- ਡਾ.ਐੱਸ ਤਰਸੇਮ, ਐਸ ਡੀ ਹਸਪਤਾਲ ਬਿਲਡਿੰਗ, ਸਟੇਡੀਅਮ ਰੋਡ, ਮਲੇਰਕੋਟਲਾ, ਜਿਲ੍ਹਾ ਸੰਗਰੂਰ ।
ਈ ਮੇਲ: nazariamlk@yahoo.co.in
ਦੀਪ ਨਿਰਮੋਹੀ










