ਪੇਸ਼ ਹੈ ਮਲਵਿੰਦਰ ਜੀ ਦੀ ਨਵੀਂ ਨਜ਼ਮ। ਅੱਖਰ ਰਸਾਲੇ ਵਿੱਚੋਂ ਧੰਨਵਾਦ ਸਹਿਤ ।
---
ਟੀਸ
---
ਅੱਜ
ਅਚਾਨਕ ਐਲਾਨੀ ਛੁੱਟੀ ਨਾਲ
ਬਿਖਰ ਗਏ ਛਿਣ ਬਕਾਇਦਗੀ ਦੇ
ਜੋਸ਼ ਦੇ ਅੰਗ ਗਏ ਅਲਸਾਏ
ਸੋਚਣੇ ਲੱਭਣੇ ਪਏ
ਆਹਰ ਨਵੇਂ
ਨਵੀਂ ਕਵਿਤਾ ਦੇ ਬਿੰਬਾ ਜਿਹੇ
ਛੰਡੀ ਸੁਸਤੀ
ਧੁੰਦਲਕੇ ਉਹਲਿਉਂ
ਲਿਸ਼ਕ ਪਈ ਧੁੱਪ ਸਰਦੀ ਦੀ
ਲਿਸ਼ਕ ਪਏ ਫਿਕਰ ਕਈ
ਫਿ਼ਕਰਾਂ ਦਾ ਪਿੱਛਾ ਕਰਦਿਆਂ
ਵਕਤ ਸਰਪਟ ਦੌੜਿਆ
ਸ਼ਾਮ ਢਲੇ
ਜਦ ਫਰੋਲੇ ਵਰਕੇ ਦਿਨ ਦੇ
ਕਈ ਫਿ਼ਕਰ ਸਨ ਰਾਖ਼ ਹੋ ਗਏ
ਕਈ ਨਵੇਂ ਜਾਗ ਪਏ
ਕਵਿਤਾ ਇਕ ਨਵੀਂ ਲਿਖੀ
ਇਕ ਛਪਣ ਹਿਤ ਵਿਦਾ ਕੀਤੀ
ਹੋਰ ਵੀ ਕੀਤਾ ਕਈ ਕੁਝ
ਪਰ ਬਕਾਇਦਗੀ ਟੁੱਟਣ ਦੀ ਟੀਸ
ਸਾਰਾ ਦਿਨ ਨਾਲ ਰਹੀ ।
ਮਲਵਿੰਦਰ






0 Comments:
Post a Comment