ਹਰ ਤਰ੍ਹਾਂ ਦੀ ਖ਼ਬਰ ਦਾ ਮਰਮ

Facebook

Thursday, January 29, 2009

ਦੇਸ ਰਾਜ ਕਾਲੀ ਦਾ ਨਾਵਲ 'ਪਰਣੇਸ਼ਵਰੀ'

ਦੇਸ ਰਾਜ ਕਾਲੀ ਪੰਜਾਬੀ ਦਾ ਚਰਚਿਤ ਲੇਖਕ ਹੈ। ਪਰਣੇਸ਼ਵਰੀ ਉਸਦਾ ਪਲੇਠਾ ਨਾਵਲ ਹੈ। ਦਲਿਤ/ਦਮਿਤ/ਹਾਸ਼ਿਆਕ੍ਰਿਤ ਸਮਾਜ ਦੀ ਵੇਦਨਾ, ਵਿਥਿਆ ਤੇ ਵਾਸਤਵਿਕਤਾ ਨੂੰ ਪਹਿਚਾਣਦਾ ਇਹ ਬਿਰਤਾਂਤ ਇਤਿਹਾਸ ਚੋਂ ਵਰਤਮਾਨ ਅਤੇ ਵਰਤਮਾਨ ਚੋਂ ਇਤਿਹਾਸ ਪਹਿਚਾਨਣ ਵੱਲ ਰੁਚਿਤ ਹੈ। ਉਹ ਪਰਚੱਲਤ ਮਿੱਥਾਂ, ਵਿਸ਼ਵਾਸ਼ਾਂ ਤੇ ਪਰਭਵਾਂ ਨੂੰ ਤੋੜਦਾ ਹੈ। ਉਸਦੀ ਤੋੜਨ ਵਿਧੀ ਬੁੱਤ-ਸ਼ਿਕਨੀ ਦੀ ਨਹੀਂ, ਸਗੋਂ ਸੰਵਾਦ ਦੀ ਏ। ਉਹ ਪਰੰਪਰਾ ਨਾਲ ਸੰਵਾਦ ਰਚਾਉਂਦਾ ਹੈ ਤੇ ਵਰਤਮਾਨ ਨਾਲ ਪਰਵਚਨ। ਆਪਣੇ ਸ਼ਹਿਰ ਜਲੰਧਰ ਬਾਰੇ ਪਰਚੱਲਤ ਰਾਖਸ਼ਸ਼ ਦੀ ਮਿੱਥ ਨੂੰ ਤੋੜ ਕੇ ਉਹ ਕਨਿਸ਼ਕ ਦੇ ਸਮੇਂ ਦੇ ਬੋਦੀ ਭਿਕਸ਼ੂ ਜਲੰਧਰ ਨਾਲ ਜੋੜਦਾ ਹੈ ਤੇ ਵਰਤਮਾਨ ਦੇ ਵਰਿੰਦਾ ਮੰਦਿਰ ਦੀ ਖੁਦਾਈ ਚੋਂ ਨਿਕਲੀ ਜਲੰਧਰ ਰਾਖਸ਼ਸ਼ ਦੀ ਮੂਰਤੀ ਨੂੰ ਬ੍ਰਾਹਮਣੀ ਛੜਯੰਤਰ ਗਰਦਾਨਦਾ ਹੈ। ਵਿੱਦਿਆ ਪਰਾਪਤੀ ਦੇ ਗਿਆਨ ਦੀ ਜਗਿਆਸਾ ਨੂੰ ਉਹ ਮੁਕਤੀ ਦਾ ਸਾਧਨ ਮੰਨਦਾ ਹੋਇਆ ਪਰਣੇਸ਼ਵਰੀ ਦੇ ਕਮਲ ਿਸੰਘਾਸਨ ਹੇਠ ਦੱਬਆ ਦਿਖਾਇਆ ਗਿਆ ਹੈ। ਗਣਪਤੀ ਦੇ ਇੱਕ ਹੱਥ ਵਿੱਚ ਲਹੂ ਲਿਬੜੀ ਤਲੳਾਰ ਸੀ, ਜੂਜੇ ਹੱਥ ਵਿੱਚ ਚਿੱਬ ਖੜੱਬੀ ਢਾਲ। ਨਾਇਕ ਵੱਲੋ. ਇਸ ਮੂਰਤੀ ਨੂੰ ਆਪਣੇ ਪ੍ਹਨ ਵਾਲੇ ਕਮਰੇ ਵਿੱਚ ਸਥਾਪਿਤ ਕਰਨ ਦਾ ਬਿੰਬ ਬੜਾ ਸ਼ਕਤੀਸ਼ਾਲੀ ਹੈ। ਨਵੇਂ ਮੂੰਹ ਮੁਹਾਂਦਰੇ ਵਾਲੇ ਇਸ ਬਿਰਤਾਂਤ ਨੂੰ ਪੜ੍ਹਨ ਵਾਸਤੇ ਮੈਂ ਪਰਣੇਸ਼ਵਰੀ ਨੂੰ ਖ਼ੁਸ਼ਾਮਦੀਦ ਕਹਿੰਦਾ ਹੈ।
-ਮਨਮੋਹਨ
ਪਰਣੇਸ਼ਵਰੀ (ਪੂਰਾ ਨਾਵਲ ਪੜ੍ਹਨ ਲਈ ਕਲਿੱਕ ਕਰੋ)
Share:

Tuesday, January 27, 2009

ਰੀਤੂ ਕਲਸੀ ਦੀ ਨਵੀਂ ਕਹਾਣੀ

ਸ਼ਬਦ ਮੰਡਲ ਵੱਲੋਂ ਇਸ ਵਾਰ ਤੋਂ ਹਰ ਹਫ਼ਤੇ ਇੱਕ ਵਿਸ਼ੇਸ਼ ਕਵੀ ਦੀਆਂ ਪੰਜ ਰਚਨਾਵਾਂ ਪੇਸ਼ ਕਰਨ ਦੀ ਯੋਜਨਾ ਬਣਾਈ ਗਈ ਹੈ। ਇਸਦੇ ਤਹਿਤ ਤੁਸੀਂ ਕਿਸੇ ਇੱਕ ਕਵੀ ਦੀਆਂ ਪੰਜ ਕਵਿਤਾਵਾਂ ਪੜ੍ਹ ਸਕਿਆ ਕਰੋਗੇ। ਇਸ ਲਈ ਨੌਜਵਾਨ ਕਵੀਆਂ ਨੂੰ ਬੇਨਤੀ ਹੈ ਕਿ ਉਹ ਆਪਣੀਆਂ ਤਾਜ਼ਾ ਪੰਜ ਰਚਨਾਵਾਂ ਭੇਜਣ ਤਾਂ ਕਿ ਅਗਲੇ ਹਫ਼ਤੇ ਉਹਨਾਂ ਨੂੰ ਪਾਠਕਾਂ ਨਾਲ ਸਾਂਝਾਂ ਕੀਤਾ ਜਾ ਸਕੇ।
ਇਸ ਵਾਰ ਪੇਸ਼ ਹੈ ਪੰਜਾਬੀ ਦੀ ਨੌਜਵਾਨ ਕਹਾਣੀਕਾਰ ਰੀਤੂ ਕਲਸੀ ਸੀ ਨਵੀਂ ਕਹਾਣੀ -ਆਂਟੀ- ਇਹ ਕਹਾਣੀ ਪੰਜਾਬੀ ਦੀ ਚਰਚਿਤ ਪੱਤਰਕਾ 'ਕਹਾਣੀ ਪੰਜਾਬ' ਦੇ ਜਨਵਰੀ-ਮਾਰਚ-2009 ਅੰਕ ਵਿੱਚ ਪਕਾਸ਼ਤ ਹੋਈ ਹੈ।


ਕਹਾਣੀ

...'ਤੂੰ ਆਪ ਝੱਲੀ ਏਂ, ਦੂਜਿਆਂ ਨੂੰ ਵੀ ਕਰ ਰਹੀ ਏਂ। ਲੱਗਦੈ ਤੁਹਾਨੂੰ ਇੱਕ ਵਾਰ ਫੇਰ ਹਨੀਮੂਨ 'ਤੇ ਭੇਜਣਾ ਪਊ।'
'ਸ਼ਰਮ ਕਰੋ।'
'ਲੈ ਹੁਣੇ ਤਾਂ ਪੂਜਾ-ਪਾਠ ਦੀਆਂ ਗੱਲਾਂ ਕਰਦੀ ਪਈ ਸੈਂ ਤੇ ਹੁਣੇ ਸ਼ਰਮਾਉਣ ਲੱਗ ਪਈ ਏਂ। ਠਹਿਰ ਮੈਂ ਹੁਣੇ ਗੱਲ ਕਰਕੇ ਆਉਂਨੀ ਆਂ.....।' (ਕਹਾਣੀ ਵਿੱਚੋਂ)

Share:

Saturday, January 17, 2009

ਗ਼ਜ਼ਲ

ਪੇਸ਼ੇ ਵਜੋਂ ਸਰਕਾਰੀ ਮੁਲਾਜ਼ਮ ਜਸਵਿੰਦਰ ਮਹਿਰਮ 'ਸੰਧੂ ਗ਼ਜ਼ਲ ਸਕੂਲ' ਦੇ
ਮੌਜੂਦਾ ਜਾਨਸ਼ੀਨ ਹਨ ।ਪੰਜਾਬੀ ਦੇ ਵੱਖ ਵੱਖ ਸਾਹਿਤਕ ਰਸਾਲਿਆਂ ਵਿਚ
ਲਗਾਤਾਰ ਛਪ ਰਹੇ ਹਨ ।ਪੁਖਤਾ ਗ਼ਜ਼ਲ ਲਿਖਦੇ ਹਨ ...
------
ਕੋਸ਼ਿਸ਼ ਕਰੀਂ...
---
ਅਪਨਾ ਗਿਲਾ , ਮੇਰੀ ਖਤਾ, ਭੁੱਲ ਜਾਣ ਦੀ ਕੋਸ਼ਿਸ਼ ਕਰੀਂ
ਭੁੱਲੇ ਵਫ਼ਾ ਦੇ ਗੀਤ ਨੂੰ ਫਿਰ ਗਾਣ ਦੀ ਕੋਸ਼ਿਸ਼ ਕਰੀਂ
----
ਉਸਦੀ ਵਫ਼ਾ ਨਾ ਹੋਰ ਹੁਣ, ਅਜ਼ਮਾਣ ਦੀ ਕੋਸ਼ਿਸ਼ ਕਰੀਂ
ਅਪਨੇ ਗ਼ਮਾਂ ਦੇ ਨਾਲ ਦਿਲ, ਬਹਿਲਾਣ ਦੀ ਕੋਸ਼ਿਸ਼ ਕਰੀਂ
---
ਪੱਕਾ ਠਿਕਾਣਾ ਵੀ ਬਣਾ ਬੇਸ਼ੱਕ ਬਿਗਾਨੇ ਦੇਸ਼ ਵਿੱਚ
ਫਿਰ ਵੀ ਕਦੇ ਪਰਦੇਸੀਆ ਮੁਣ ਆਣ ਦੀ ਕੋਸ਼ਿਸ਼ ਕਰੀਂ
---
ਬੱਚਾ ਜਦੋਂ ਵੀ ਆਪਣਾ ਭੁੱਲ ਕੇ ਕੁਰਾਹੇ ਜਾ ਪਵੇ
ਲਾਗੇ ਬਿਠਾ ਕੇ ਉਸਨੂੰ ਸਮਝਾਣ ਦੀ ਕੋਸ਼ਿਸ਼ ਕਰੀਂ
---
ਅਪਨੇ ਗ਼ਮਾਂ ਨੂੰ ਸੋਗ ਨੂੰ ਦਿਲ ਵਿਚ ਛੁਪਾ ਕੇ ਵੀ ਕਦੇ
ਉਸਦੀ ਖੁਸ਼ੀ ਦੇ ਵਾਸਤੇ ਮੁਸਕਾਣ ਦੀ ਕੋਸ਼ਿਸ਼ ਕਰੀਂ
---
ਲਾਉਂਦਾ ਰਿਹਾ ਦੇ ਲਾਏਗਾ ਤੈਨੂੰ ਜ਼ਮਾਨਾ ਫੱਟ ਬੜੇ
ਪਰ ਤੂੰ ਕਿਸੇ ਦੇ ਜ਼ਖ਼ਮ ਨੂੰ ਸਹਿਲਾਣ ਦੀ ਕੋਸ਼ਿਸ਼ ਕਰੀਂ
---
ਵੈਸੇ ਕਿਸੇ ਦੇ ਨਾਲ ਵੀ ਹੋਵੇ ਬੁਰਾ ਨਾ 'ਮਹਿਰਮਾ'
ਹੋਵੇ ਅਗਰ ਤੈਥੋਂ ਬੁਰਾ ਪੜਤਾਣ ਦੀ ਕੋਸ਼ਿਸ਼ ਕਰੀਂ ।
ਜਸਵਿੰਦਰ ਮਹਿਰਮ
Share:

ਨਜ਼ਮ

ਤੂੰ ਮੇਰੇ ਹਾਸੇ ਤੇ ਨਾ ਜਾਵੀਂ
-----
ਤੂੰ ਮੇਰੇ ਹਾਸੇ ਤੇ ਨਾ ਜਾਵੀਂ
ਤੂੰ ਮੇਰੇ ਹਾਸੇ ਤੇ ਨਾ ਜਾ
ਤੇ ਮੇਰੇ ਸਾਹਾਂ ਦੀ ਖੋਜ ਕਰ
ਕਿਵੇਂ ਆਉਂਦਾ ਹੈ
ਦਮ ਘੁੱਟਦੇ ਸਮਾਜ ਦੀਆਂ
ਕੁਰੀਤੀਆਂ ਚੋਂ ਲੰਘ ਕੇ
ਪਹਿਲੇ ਤੋਂ ਬਾਅਦ ਦੂਜਾ
ਤੂੰ ਮੇਰੇ ਹੱਸਦੇ ਦੰਦਾਂ ਨੂੰ ਛੱਡ ਪਰ੍ਹੇ
ਤੇ ਮੇਰੀ ਹਿੱਕ ਨੂੰ ਚੀਰ ਕੇ ਵੇਖ
ਕਿਵੇਂ ਤੜਫਦਾ ਹੈ
ਕੁਝ ਕਹਿ ਨਾ ਸਕਦਾ ਦਿਲ ਮੇਰਾ
ਤੇ ਇਹਦੇ ਚੋਂ ਸਿੰਮਦੀ ਹੈ
ਕਦੇ ਕਦੇ ਕਵਿਤਾ ਮੇਰੀ
ਤੂੰ ਮੇਰੇ ਬੁੱਲਾਂ ਚੋਂ ਕਿਰਦੇ
ਲਫ਼ਜਾਂ ਦੀ ਪਛਾਣ ਕਰ
ਇਹ ਸਾਰੇ
ਸੁੱਖ ਸਵੀਲਾ ਹੋਣ ਦਾ
ਵਿਸਥਾਰ ਨਹੀਂ ਹੁੰਦੇ
ਤੂੰ ਇਨ੍ਹਾਂ ਬਰੀਕੀਆਂ ਨੂੰ ਫੜਿਆ ਕਰ
ਇਨ੍ਹਾਂ ਵਿਚ
ਮੇਰੀਆਂ ਹਿੱਚਕੀਆਂ ਵੀ ਹੋਣਗੀਆਂ
ਤੂੰ ਮੇਰੇ ਹੱਸਦੇ ਚਹਿਰੇ ਤੇ ਨਾ ਜਾ
ਮੇਰੇ ਵਜੂਦ ਗਹੁ ਨਾਲ ਵੇਖ
ਕਿਵੇਂ ਵਿੰਨਿਆਂ ਪਿਆ ਹੈ
ਰਿਸ਼ਤੇਦਾਰ ਕਹਾਉਂਦੇ ਦੁਸ਼ਮਣਾਂ ਹੱਥੋਂ
ਤੇ ਮੇਰੇ ਜ਼ਖਮਾਂ ਚੋਂ
ਤਿਪ ਤਿਪ ਚੋਈ ਜਾਂਦੇ ਨੇ ਮੇਰੀ ਉਮਰ ਦੇ ਸਾਲ
ਤੁੰ ਮੇਰੇ ਹੱਸਦੇ ਚਹਿਰੇ ਨੂੰ ਛੱਡ ਪਰ੍ਹਾਂ
ਮੈਂ ਤਾਂ ਸਮਾਜ ਨਾਂ ਦੇ
ਕੋਹਲੂ ਨਾਲ ਜੁੜਿਆਂ ਬਲਦ ਹਾਂ
ਤੇ ਆਪਣੇ ਬੇਗਾਨਿਆਂ ਰਲ਼ ਕੇ
ਪਿੰਡੇ ਤੇ ਪਾਈਆਂ ਲਾਸ਼ਾਂ ਦੀ
ਹਰ ਕਦਮ ਤੇ
ਭੁੱਲ ਜਾਂਦਾ ਹਾਂ ਗਿਣਤੀ
ਪਰ ਤੂੰ ਮੇਰੇ ਹਾਲ ਤੇ
ਹਾਸਾ ਨਾ ਪਾਵੀਂ
ਮੈਂ ਕਿਹੜਾ ਤੈਥੋਂ
ਟਿਕਟ ਦੇ ਪੈਸੇ ਮੰਗੇ ਨੇ
ਸਿਨੇਮੇ ਤਾਂ ਤੇਰਾ ਖਰਚ ਹੋਣਾ ਸੀ
ਬੋਰ ਹੀ ਸਹੀ
ਮੇਰੀ ਵੀ ਮੁਫ਼ਤੋ ਮੁਫ਼ਤੀ ਕਹਾਣੀ ਸੁਣ ।
ਮਨਜੀਤ ਸੋਹਲ
Share:

Monday, January 12, 2009

ਚੱਕ ਦਿਓ ਫੱਟੇ

ਕਹਿੰਦੇ ਨੇ ਦੁਨੀਆਂ ਤੇ ਕੁਝ ਵੀ ਅਸੰਭਵ ਨਹੀਂ ਹੁੰਦਾ। ਪੰਜਾਬੀਆਂ ਤੇ ਤਾਂ ਇਹ ਗੱਲ ਹੋਰ ਵੀ ਢੁਕਣੀ ਚਾਹੀਦੀ ਹੈ।
ਹੁਣੇ ਹੀ ਇਕ ਪੰਜਾਬੀ ਵੈਬਸਾਈਟ ਲਫਜ਼ਾਂ ਦਾ ਪੁਲ ਸਾਹਮਣੇ ਆਇਆ ਹੈ। ਇਸ ਉੱਪਰ ਪੰਜਾਬੀਆਂ ਦੇ ਜਿੰਨੇ ਉਪਰਾਲੇ ਮੈਨੂੰ ਨਜ਼ਰ ਆਏ ਨੇ, ਉਹਨਾਂ ਨੂੰ ਵੇਖ ਕੇ ਮੈਂ ਕਹਿ ਸਕਦਾਂ ਕਿ ਪੰਜਾਬੀ ਦੇ ਭਵਿੱਖ ਨੂ ਕੁਝ ਨਹੀਂ ਹੋਣ ਲੱਗਾ। ਕਉਂਕਿ ਨੌਜਵਾਨ ਪੰਜਾਬੀਆਂ ਦੇ ਖ਼ੂਨ ਵਿੱਚ ਅਜੇ ਏਨੀ ਗਰਮੀ ਹੈਗੀ ਏ, ਕਿ ਉਹ ਆਪਣੀ ਭਾਸ਼ਾ ਅਤੇ ਵਿਰਸੇ ਨੂੰ ਸਾਂਭ ਸਕਣ ਅਤੇ ਉਹਦਾ ਵਿਕਾਸ ਵੀ ਕਰ ਸਕਣ। ਜੇ ਨੈੱਟ ਆਦਿ ਵਰਗੀਆਂ ਏਨੀਆਂ ਸਹੂਲਤਾਂ ਹੋਣ ਦੇ ਬਾਵਜੂਦ ਅਸੀਂ ਆਪਣੇ ਝੰਡੇ ਨਾ ਗੱਡ ਸਕੇ ਤਾਂ ਪੰਜਾਬੀ ਹੋਣ ਦਾ ਕੀ ਫਾਇਦਾ। ਇਸ ਲਈ ਸਾਨੂੰ ਹੁਣੇ ਤੋਂ ਹੀ ਪੰਜਾਬੀ ਲਈ ਕੰਮ ਕਰਨ ਲਈ ਜੁਟ ਜਾਣਾ ਚਾਹੀਦਾ ਹੈ। ਕਿਉਂਕਿ ਬਲੌਗਸ ਨਾਲ ਜੁੜਨ ਵਾਲੇ ਅਸੀਂ ਸਾਰੇ ਹੀ ਨੌਜਵਾਨ ਹਾਂ, ਸਾਡੇ ਲਈ ਇਹ ਚੁਣੌਤੀ ਵੀ ਹੈ ਕਿ ਅਸੀਂ ਕੁਝ ਕਰਕੇ ਵਿਖਾਈਏ।
ਪੁਰਾਣੀ ਪੀੜ੍ਹੀ ਸਮਝਦੀ ਹੈ ਕਿ ਨਵੀਂ ਪੀੜ੍ਹੀ ਵਿਰਸਾ ਨਹੀਂ ਸੰਭਾਲ ਸਕਦੀ, ਇੰਟਰਨੈੱਟ ਨਾਲ ਜੁੜ ਕੇ ਗ਼ਲਤ ਦਿਸ਼ਾ ਵੱਲ ਜਾ ਰਹੀ ਹੈ। ਸਾਡੇ ਕੋਲ ਹੁਣ ਇਹ ਸਾਬਤ ਕਰਨ ਦਾ ਬੜਾ ਵੱਡਾ ਜ਼ਰੀਆ ਹੈ ਕਿ ਅਸੀਂ ਉਹਨਾਂ ਨੂੰ ਇਹ ਦੱਸ ਸਕੀਏ ਕਿ ਅਸੀਂ ਇੰਟਰਨੈੱਟ ਰਾਹੀ ਪੂਰੀ ਦੁਨੀਆਂ ਉੱਤੇ ਛਾਉਣ ਦੀਆਂ ਯੋਜਨਾਵਾਂ ਉਲੀਕ ਰਹੇ ਹਾਂ। ਪੰਜਾਬੀ ਸੱਭਿਆਚਾਰ ਦਾ ਪੂਰੀ ਦੁਨੀਆਂ ਉੱਤੇ ਡੰਕਾ ਵਜਾਉਣ ਦੀ ਸੋਚੀ ਬੈਠੇ ਹਾਂ।
ਆਓ ਸਾਥੀਓ ਪੰਜਾਬੀ ਬਲੌਗਾਂ ਰਾਹੀਂ ਪੰਜਾਬੀ ਫੈਲਾਉਣ ਲਈ ਜੁਟ ਜਾਈਏ।
ਟੀਮ
Share:

Saturday, January 10, 2009

ਨਜ਼ਮ

ਵਿਸਥਾਰ
----
ਮੈਥੋਂ ਪਹਿਲਾਂ
ਘਰ ਮੇਰੇ ਨਵੇਂ 'ਚ
ਚਿੜੀਆਂ
ਠਾਹਰ ਬਣਾਈ
ਕਬੂਤਰਾਂ ਸੇਣ ਵਸਾਈ
ਅੱਥਰੇ ਕਈ ਹੋਰ ਜੀਵਾਂ
ਕੀਤਾ ਵਸੇਬਾ ਰੈਣ ਬਿਤਾਈ
ਨਵੇਂ ਘਰ ਨੂੰ ਮਿਲਣ ਖਾਤਰ
ਮੈਂ ਜਾਂਦਾ
ਤੱਕਦਾ ਚਿੜੀਆਂ ਦੀ ਹਾਜਰੀ
ਖੁੱਲੀ ਛੱਡ ਆਉਂਦਾ ਖਿੜਕੀ
ਰੌਸ਼ਨਦਾਨ 'ਚ ਵਿਹੰਦਾ
ਤੀਲਿਆਂ ਦੀ ਜਮਘਟਾ
ਤੱਕਦਾ ਤ੍ਰਭਕ ਕੇ ਪਰਿੰਦਿਆਂ ਦਾ ਉਡਣਾ
ਸੁਣਦਾ ਨੰਨੀਆਂ ਅਵਾਜ਼ਾਂ
ਹੌਲੀ ਹੌਲੀ ਖੋਲਦਾ ਢੋਂਦਾ ਬਾਰ
ਪੋਲੇ ਪੋਲੇ ਧਰਦਾ ਕਦਮ
ਸਾਹਾਂ ਦਾ ਸ਼ੋਰ ਸੁਣਦਾ
ਖਿਸਕ ਆਉਂਦਾ
ਅਗਲੀ ਵਾਰ ਜਾਂਦਾ
ਤੀਲ੍ਹਿਆਂ ਦਾ ਖ਼ਿਲਾਰਾ ਤੱਕਦਾ
ਖੰਭਾਂ ਦੀਆਂ ਪੈੜਾਂ ਵਿਹੰਦਾ
ਕਨਸੋਅ ਲੈਂਦਾ
ਪਰ ਨਜ਼ਰ ਨਾ ਆਉਂਦੇ ਕਿਧਰੇ
ਪਰਿੰਦੇ ਪਿਆਰੇ
ਮਾਰ ਗਏ ਹੁੰਦੇ ਉਡਾਰੀ
ਬਦਲ ਗਏ ਹੁੰਦੇ ਟਿਕਾਣਾ
ਮੇਰੀ ਪਿਛਲੀ ਵੇਰੀ ਦੇ ਵਰਕੇ ਤੋਂ
ਪੜ੍ਹ ਲਿਆ ਹੁੰਦਾ ਉਹਨਾਂ
ਘਰ ਦੀ ਮਲਕੀਅਤ ਦਾ
ਅਗਲਾ ਸਿਰਨਾਵਾਂ
ਮਲਵਿੰਦਰ
Share:

Thursday, January 08, 2009

ਨਜ਼ਮ

ਪੇਸ਼ੇ ਵਜੋਂ ਅਧਿਆਪਕ ਰਾਕੇਸ਼ ਆਨੰਦ ਕਵਿਤਾ ਲਿਖਦਾ ਹੈ। ਅਰਥ ਸ਼ਾਸਤਰ ਬਾਰੇ ਡੂੰਘੀ ਸੋਝੀ ਰੱਖਦਾ ਹੈ ਅਤੇ ਚੰਗੇ ਸਾਹਿਤ ਦਾ ਰਸੀਆ ਹੈ । ਪਿਛਲੇ ਕਈ ਸਾਲ ਤੋਂ ਪੱਤਰਕਾਰੀ ਨਾਲ ਵੀ ਜੁੜਿਆ ਰਿਹਾ ਹੈ। ਪੇਸ਼ ਹੈ ਰਕੇਸ਼ ਅਨੰਦ ਦੀ ਨਵੀਂ ਰਚਨਾ...
----
ਮੇਰੀ ਕਵਿਤਾ
----
ਮੇਰੀ ਕਵਿਤਾ
ਐਸ਼ਵਰਿਆ ਰਾਏ ਦੇ ਨੀਲੇ ਬਲੌਰੀ ਨੈਣ ਨਹੀਂ
ਤੇ ਨਾ ਹੀ
ਪ੍ਰਿੰਟੀ ਜ਼ਿੰਟਾ ਦੀਆਂ ਸੁਰਖ ਗੱਲਾਂ ਦੇ ਟੋਏ
ਵਾਸਤਾ ਇਹਦਾ ਮਿਸ ਇੰਡੀਆ ਦੀ ਕੈਟਵਾਕ ਨਾਲ ਵੀ ਕੋਈ ਨੀ
ਤੇ ਕੀ ਲੈਣਾ ਇਹਨੇ
ਸੱਤਾ ਦੀ ਟੀਸੀ ਤੇ ਕਾਬਜ਼ ਸੋਨੀਆ ਤੋਂ
ਮੇਰੀ ਕਵਿਤਾ...?
ਮੇਰੀ ਕਵਿਤਾ ਤਾਂ
ਫੁੱਟਬਾਲ ਸਿਊਂਦੀ ਸੁਮਨ ਏਂ
ਜੀਹਦੇ ਗੋਡੇ ਹੋ ਚੁੱਕੇ ਨੇ ਵਿੰਗੇ
ਬਹਿ ਬਹਿ ਫੱਟੀ 'ਤੇ
ਜੀਹਦੇ ਕੋਮਲ ਪੋਟੇ
ਹੋ ਗਏ ਨੇ ਛੱਲਣੀ ਲੱਗ ਲੱਗ ਸੂਈਆਂ
ਪਰ ਹਿੰਮਤ ਅਜੇ ਵੀ ਰੱਖਦੀ ਹੈ ਉਹ
ਜੂਝਣ ਦੀ
ਕਲਮ ਉਠਾਣ ਦੀ ।
...
ਮੇਰੀ ਕਵਿਤਾ
ਏ.ਸੀ. 'ਚ ਤੰਬੋਲਾ ਖੇਡਦੀਆਂ ਰੰਨਾਂ ਨਹੀਂ
ਨਾ ਹੀ ਇਹ ਗਹਿਣਿਆਂ ਨਾਲ ਲੱਦੀਆਂ ਸਠਾਣੀਆਂ
ਹੈ ਇਸ 'ਚ
ਚਾਈਨੀਜ਼ ਫੂਡ ਨਾਲ ਮਸਤੀਆਂ ਨੱਡੀਆਂ ਲਈ ਵੀ ਕੁਝ ਨਹੀਂ
ਮੇਰੀ ਕਵਿਤਾ ...?
ਇਹ ਤਾਂ ਨੰਗੇ ਸਿਰ ਵੱਗ ਦਾ
ਗੋਹਾ ਢੋਂਦੀ ਰਾਣੋ ਏਂ
ਜੀਹਦੇ ਤਾਲੂ 'ਚ ਪੈ ਗਏ ਨੇ ਟੋਏ
ਤੇ ਜੀਹਦੀ ਮਾਂ ਜਿਹੀ ਸੱਸ
ਹੱਕਦੀ ਏ ਉਹਨੂੰ ਪਰਾਣੀ ਨਾਲ ਜਾਨਵਰਾਂ ਵਾਂਗ
ਤੇ ਖਸਮ ਜੀਹਦਾ ਕੋਂਹਦਾ ਹੈ ਬਿਨਾਂ ਨਾਗਾ ਹੋ ਸ਼ਰਾਬੀ
ਤੇ ਮਿਲਦੀ ਹੈ ਜਿਸਨੂੰ
ਰੋਟੀ ਦੇ ਨਾਮ ਤੇ ਜ਼ਲਾਲਤ
...
ਮੇਰੀ ਕਵਿਤਾ
ਖਾ-ਖਾ ਗੋਸ਼ਤ,ਗੋਗੜ ਕਮਾਈ ,ਡੱਡੂ ਮੂੰਹੇਂ ਲੀਡਰ ਨਹੀਂ
ਨਾ ਹੀ ਆ ਇਹ
ਸਪੋਲਿਆਂ ਜਿਹੇ ਉਨ੍ਹਾਂ ਦੇ ਪੁੱਤ
ਇਹ ਤਾਂ
ਢਾਬੇ ਤੇ ਜੂਠੇ ਭਾਂਡੇ ਮਾਂਜਦੇ ਛੋਟੂ ਦਾ ਬਚਪਨ ਏਂ
ਤੇ ਨਾਲ ਹੀ ਆ ਇਹ
ਉਹਦੇ ਲਾਚਾਰ ਮਾਪਿਆਂ ਦੀ ਸਦੀਆਂ ਦੀ ਭੁੱਖ
ਮੇਰੀ ਕਵਿਤਾ ਤਾਂ
ਮਿੰਦੇ ਰਿਕਸ਼ੇ ਵਾਲੇ ਦੀਆਂ ਲੱਤਾਂ ਦੀਆਂ ਖੱਲੀਆਂ ਨੇ
ਤੇ ਹੈ ਫੀਸ ਖੁਣੋਂ ਮਾਰ ਖਾਂਦੇ ਉਹਦੇ ਜਵਾਕਾਂ ਦੀਆਂ ਲੇਲੜੀਆਂ
...
ਮੇਰੀ ਕਵਿਤਾ
ਥ੍ਰੀ-ਪੀਸ ਜਾਂ ਸਫਾਰੀ ਸੂਟ ਨਹੀਂ
ਤੇ ਨਾ ਹੀ ਇਸ 'ਚ
ਦਾਰੂ ਜਿਹਾ ਨਸ਼ਾ ਜਾਂ ਖੁਮਾਰੀ
ਮੇਰੀ ਕਵਿਤਾ ਹੈ
ਦੇਬੇ ਜੁਲਾਹੇ ਦਾ ਲੀਰਾਂ ਲੀਰਾਂ ਹੋਇਆ ਜਾਂਘੀਆ
ਤੇ ਹੈ
ਚਾਰ ਦਿਨਾਂ ਤੋਂ ਕਬਰ ਜਿਹੀ ਫੈਕਟਰੀ 'ਚ
ਡਬਲ ਸ਼ਿਫਟ ਲਗਾਉਂਦੇ
ਸੇਵੇ ਮਜ਼ਦੂਰ ਦੀਆਂ ਅੱਖਾਂ ਦਾ ਉਨੀਂਦਰਾ...
ਤੇ ਅਜਿਹਾ ਪਤਾ ਨਹੀਂ
ਕੀ ਕੀ.........
ਰਾਕੇਸ਼ ਆਨੰਦ
rkanand1@gmail.com
Share:

Tuesday, January 06, 2009

ਗ਼ਜ਼ਲ

ਸ਼ਬਦਮੰਡਲ ਪੇਸ਼ ਕਰਦਾ ਹੈ ਆਪਣੇ ਉਰਦੂ ਦੇ ਪਾਠਕਾਂ ਲਈ ਉਰਦੂ ਅਦਬ ਦੇ ਮਸ਼ਹੂਰ-ਓ-ਮਾਹਰੂਫ਼ ਗ਼ਜ਼ਲ ਉਸਤਾਦ ਮਿਰਜ਼ਾ ਦਾਗ਼ ਦਹਿਲਵੀ ਜੀ ਦੀ ਗ਼ਜ਼ਲ ...
---
ਮਜ਼ਾ ਜਾਤਾ ਰਹਾ...
--
ਜਬ ਜਵਾਨੀ ਕਾ ਮਜ਼ਾ ਜਾਤਾ ਰਹਾ
ਜ਼ਿੰਦਗਾਨੀ ਕਾ ਮਜ਼ਾ ਜਾਤਾ ਰਹਾ
---
ਵਹ ਕ਼ਸਮ ਖਾਤੇ ਹੈਂ ਅਬ ਹਰ ਬਾਤ ਪਰ
ਬਦਗੁਮਾਨੀ1 ਕਾ ਮਜ਼ਾ ਜਾਤਾ ਰਹਾ
---
ਦਾਸਤਾਨ-ਏ-ਇਸ਼ਕ਼ ਜਬ ਠਹਿਰੀ ਗ਼ਲਤ
ਫਿਰ ਕਹਾਨੀ ਕਾ ਮਜ਼ਾ ਜਾਤਾ ਰਹਾ
---
ਖ਼ੁਆਬ ਮੇਂ ਤੇਰੀ ਤਜੱਲੀ2 ਦੇਖ ਲੀ
ਲੰਤਰਾਨੀ3 ਕਾ ਮਜ਼ਾ ਜਾਤਾ ਰਹਾ
---
ਦਰਦ ਨੇ ਉਠਕਰ ਉਠਾਇਆ ਬਜ਼ਮ ਸੇ
ਨਾਤਵਾਨੀ4 ਕਾ ਮਜ਼ਾ ਜਾਤਾ ਰਹਾ
---
ਗ਼ੈਰ ਪਰ ਲੁਤਫ਼ੋ ਕਰਮ ਹੋਨੇ ਲਗਾ
ਮਿਹਰਬਾਨੀ ਕਾ ਮਜ਼ਾ ਜਾਤਾ ਰਹਾ
---
ਆਪ ਅਬ ਅਪਨੇ ਨਿਗਹੇਬਾਂ5 ਬਨ ਗਏ
ਪਾਸਬਾਨੀ6 ਕਾ ਮਜ਼ਾ ਜਾਤਾ ਰਹਾ
---
ਨਾਮਾਬਰ7 ਨੇ ਤੈਅ ਕੀਏ ਸਾਰੇ ਪਿਆਮ
ਮੂੰਹ-ਜ਼ੁਬਾਨੀ ਕਾ ਮਜ਼ਾ ਜਾਤਾ ਰਹਾ
---
ਮਿਟ ਗਈ ਅਬ ਦਾਗ਼ ਫ਼ੁਰਕਤ8 ਕੀ ਜਲਨ
ਇਸ ਨਿਸ਼ਾਨੀ ਕਾ ਮਜ਼ਾ ਜਾਤਾ ਰਹਾ
----
1.ਸ਼ੱਕ(ਸੰਦੇਹ), 2.ਜਯੋਤੀ, 3.ਇਨਕਾਰ ਕਰਨਾ 4.ਕਮਜ਼ੋਰੀ,
5.ਰੱਖਿਆ ਕਰਨ ਵਾਲਾ, 6.ਰੱਖਿਆ ਕਰਨੀ 7.ਸੰਦੇਸ਼ ਵਾਹਕ 8.ਵਿਛੋੜਾ .



Share:

ਨਜ਼ਮ

ਅੱਗ ਦੇ ਵਸਤਰ
----
ਮੈਂ ਚਾਹੁੰਨਾਂ...ਮੇਰੇ ਕੋਲ ਅੱਗ ਦੇ ਵਸਤਰ ਹੋਣ
ਜਿਹੜੇ ਮੈਂ ਆਪਣੀ ਕਵਿਤਾ ਨੂੰ ਭੇਂਟ ਕਰ ਸਕਾਂ
ਇਹ ਤੋਹਫ਼ਾ...ਆਪਣੀ ਕਲਮ ਨੂੰ ਮੈਂ
ਕਵਿਤਾਵਾਂ ਲਿਖਣ ਤੋਂ ਪਹਿਲਾਂ ਦੇਣਾ ਚਾਹਵਾਂਗਾ

ਮੈਂ ਕਵੀ ਨਹੀਂ
ਪਰ ਕਵਿਤਾ ਲਿਖਣੀ ਚਾਹੁੰਨਾ ਹਾਂ
ਤੇ ਚਾਹੁੰਦਾ ਹਾਂ ਕਿ ਅੱਗ ਦੇ ਵਸਤਰ ਮੇਰੀ ਕਵਿਤਾ ਚੋਂ
ਬੇਲੋੜੇ ਸ਼ਬਦਾਂ, ਸਤਰਾਂ ਤੇ ਪੈਰ੍ਹਿਆਂ ਨੂੰ
ਮੇਰੇ ਅੰਦਰ ਪਲ ਰਹੇ ਕਵੀ ਹੋਣ ਦੇ ਹੰਕਾਰ ਸਮੇਤ ਸਾੜ ਦੇਵੇ
ਤੇ ਉਨ੍ਹਾਂ ਦੀ ਜਗ੍ਹਾ ਚੰਦਨ ਜਿਹੀ ਖੁਸ਼ਬੋ ਭਰ ਦੇਵੇ
ਤੇ ਮੇਰੀ ਹਰ ਕਵਿਤਾ ਮਹਿਕਦੀ ਰਹੇ
ਕੀ ਤੁਸੀ ਕਵਿਤਾ ਲਿਖਣ ਵਾਲੇ
ਇੰਜ ਨਹੀਂ ਚਾਹੁੰਦੇ
ਜੇ ਚਾਹੁੰਦੇ ਹੋ ਤਾਂ
ਮੈਨੂੰ ਅੱਗ ਦੇ ਵਸਤਰਾਂ ਦਾ ਪਤਾ ਦੱਸਣਾ
ਤਾਂ ਜੋ ਅਸੀਂ ਆਉਣ ਵਾਲੇ ਖ਼ਤਰਨਾਕ ਸਮਿਆਂ ਲਈ
ਥੋੜਾ ਚੰਦਨ ਇਕੱਠਾ ਕਰ ਸਕੀਏ ।
---
ਤੇਜਿੰਦਰ ਬਾਵਾ
Share:

ਨਜ਼ਮ

ਪੇਸ਼ ਹੈ ਮਲਵਿੰਦਰ ਜੀ ਦੀ ਨਵੀਂ ਨਜ਼ਮ। ਅੱਖਰ ਰਸਾਲੇ ਵਿੱਚੋਂ ਧੰਨਵਾਦ ਸਹਿਤ ।
---
ਟੀਸ
---
ਅੱਜ
ਅਚਾਨਕ ਐਲਾਨੀ ਛੁੱਟੀ ਨਾਲ
ਬਿਖਰ ਗਏ ਛਿਣ ਬਕਾਇਦਗੀ ਦੇ
ਜੋਸ਼ ਦੇ ਅੰਗ ਗਏ ਅਲਸਾਏ
ਸੋਚਣੇ ਲੱਭਣੇ ਪਏ
ਆਹਰ ਨਵੇਂ
ਨਵੀਂ ਕਵਿਤਾ ਦੇ ਬਿੰਬਾ ਜਿਹੇ
ਛੰਡੀ ਸੁਸਤੀ
ਧੁੰਦਲਕੇ ਉਹਲਿਉਂ
ਲਿਸ਼ਕ ਪਈ ਧੁੱਪ ਸਰਦੀ ਦੀ
ਲਿਸ਼ਕ ਪਏ ਫਿਕਰ ਕਈ
ਫਿ਼ਕਰਾਂ ਦਾ ਪਿੱਛਾ ਕਰਦਿਆਂ
ਵਕਤ ਸਰਪਟ ਦੌੜਿਆ
ਸ਼ਾਮ ਢਲੇ
ਜਦ ਫਰੋਲੇ ਵਰਕੇ ਦਿਨ ਦੇ
ਕਈ ਫਿ਼ਕਰ ਸਨ ਰਾਖ਼ ਹੋ ਗਏ
ਕਈ ਨਵੇਂ ਜਾਗ ਪਏ
ਕਵਿਤਾ ਇਕ ਨਵੀਂ ਲਿਖੀ
ਇਕ ਛਪਣ ਹਿਤ ਵਿਦਾ ਕੀਤੀ
ਹੋਰ ਵੀ ਕੀਤਾ ਕਈ ਕੁਝ
ਪਰ ਬਕਾਇਦਗੀ ਟੁੱਟਣ ਦੀ ਟੀਸ
ਸਾਰਾ ਦਿਨ ਨਾਲ ਰਹੀ ।

ਮਲਵਿੰਦਰ
Share:

ਗ਼ਜ਼ਲ

ਸ਼ਬਦਮੰਡਲ ਦੀ ਮੰਗ 'ਤੇ ਤਮੰਨਾ ਜੀ ਨੇ ਕਨੇਡਾ ਤੋਂ ਆਪਣੇ ਡੈਡੀ ਜੀ ਦੀ ਬਿਲਕੁਲ ਨਵੀਂ ਗ਼ਜ਼ਲ
ਸ਼ਬਦਮੰਡਲ ਦੇ ਪਾਠਕਾਂ ਲਈ ਭੇਜੀ ਹੈ , ਜਿਸਨੂੰ ਪੋਸਟ ਕਰਨ 'ਤੇ ਅਸੀਂ ਬਹੁਤ ਖੁਸ਼ੀ ਮਹਿਸੂਸ ਕਰ ਰਹੇਂ ਹਾਂ ।
ਸ਼ਬਦਮੰਡਲ
-----
ਤੇਰੀ ਦੀਦ ਲਈ...
-----------
ਕੱਫ਼ਣੋਂ ਸਖਣੀ ਲਾਸ਼ ਮਿਰੀ, ਤੇਰੀ ਬੁੱਕਲ਼ ਵਿੱਚ ਵੀ ਠਰਦੀ ਰਹੀ।
ਨਾ ਮੌਤ ਮਿਲ਼ੀ, ਨਾ ਜਿੰਦ ਮਿਲ਼ੀ, ਰੂਹ ਮੇਰੀ ਹਉਕੇ ਭਰਦੀ ਰਹੀ।
----
ਤੱਕਿਆ ਸੀ ਸਹਾਰਾ ਬਾਹਾਂ ਦਾ, ਲੱਭੀ ਸੀ ਗਰਮੀ ਸਾਹਾਂ ਦੀ,
ਪਰ ਕਿਸਮਤ ਨਾਲ਼ ਨਿਮਾਣੇ ਦੇ , ਕੁਝ ਹੋਰੋਂ-ਹੋਰ ਹੀ ਕਰਦੀ ਰਹੀ।
----
ਮੇਰੇ ਪਿਆਰ ਦਾ ਪਾਣੀ ਡੁੱਲ੍ਹ ਗਿਆ, ਉੱਛਲ਼ ਕੇ ਦਿਲ ਮੈ-ਖ਼ਾਨੇ 'ਚੋਂ,
ਤਸਵੀਰ ਤਿਰੇ ਹੀ ਖ਼ਿਆਲਾਂ ਦੀ, ਮੁੜ-ਮੁੜ ਕੇ ਡੁੱਬਦੀ-ਤਰਦੀ ਰਹੀ।
----
ਬੁੱਲ੍ਹ ਹਿੱਲੇ ਸਨ ਇੱਕ ਵਾਰੀ ਤਾਂ, ਪਰ ਹਿੱਲਕੇ ਹੀ ਉਹ ਰਹਿ ਗਏ ਨੇ,
ਇਕ ਆਈ ਸੀ ਗੱਲ ਬੁੱਲ੍ਹਾਂ 'ਤੇ, ਤੇ ਆ-ਆ ਕੇ ਬੇਦਰਦੀ! ਰਹੀ।
----
ਮੈਂ ਤੈਨੂੰ ਚਾਇਆ ਪਲਕਾਂ 'ਤੇ, ਤੂੰ ਹੱਥਾਂ 'ਤੇ ਵੀ ਨਾ ਚਾਇਆ,
ਹੱਥਾਂ ਦੀ ਇਸ ਛੋਹ ਖ਼ਾਤਿਰ, ਜਿੰਦ ਮੇਰੀ ਯੁਗਾਂ ਤੋਂ ਖਰਦੀ ਰਹੀ।
----
ਚੱਕਰ ਹੈ, ਚੁਰਾਸੀ ਦਾ ਕਹਿੰਦੇ, ਜੰਮਣਾ ਤੇ ਜੰਮ ਕੇ ਮਰ ਜਾਣਾ,
ਪਰ 'ਬਾਦਲ'! ਤੇਰੀ ਦੀਦ ਲਈ, ਜਿੰਦ ਮੇਰੀ ਜੰਮਦੀ-ਮਰਦੀ ਰਹੀ।


ਗੁਰਦਰਸ਼ਨ 'ਬਾਦਲ'
Share:

Sunday, January 04, 2009

ਨਜ਼ਮ

ਤੇਰੇ ਬਿਨ
---------
ਤੇਰੇ ਬਿਨ ਮੈਂ ਕੀ ਹਾਂ
ਲੱਗਦਾ ਕਿਸੇ
ਉਜੜੇ ਘਰ ਦਾ ਜੀਅ ਹਾਂ
ਜਾਂ ਉਹ ਰੋਸ਼ਨੀ ਹਾਂ
ਜੋ ਹਨੇਰਿ੍ਆਂ ਤੋਂ ਡਰ
ਹਨੇਰਾ ਹੋ ਗਈ
ਜਾਂ ਉਸ ਕਰਮਾਂ ਮਾਰੀ ਦਾ ਸ਼ਿੰਗਾਰ ਹਾਂ
ਜੋ ਵਿਆਹਿਆਂ ਜਾਂਦੀ ਹੀ
ਵਿਧਵਾ ਹੋ ਗਈ
ਲੱਗਦਾ ਹੁਣੇ ਹੀ ਢਹਿ ਜਾਵਾਂਗਾ
ਮਹਿਲ ਹਾਂ ਕੋਈ ਰੇਤ ਦਾ
ਜਾਂ ਪਾ ਜ਼ਹਿਰ ਮਾਰ ਦੇਣਾ
ਕੀੜਾ ਮਕੌੜਾ ਹਾਂ ਕਿਸੇ ਖੇਤ ਦਾ
ਜਾਂ ਫਿਰ ਕਿਸੇ ਟੋਏ ਟੋਭੇ ਦਾ
ਗੰਦਾ ਪਿਆ ਪਾਣੀ ਹਾਂ
ਜਾਂ ਮਰ ਚੁੱਕੇ ਕਿਸੇ ਲੇਖਕ ਦੀ
ਅਧੂਰੀ ਪਈ ਕਹਾਣੀ ਹਾਂ
ਹੁਣ ਤੂੰ ਹੀ ਦੱਸ
ਤੇਰੇ ਬਿਨ
ਮੈਂ ਕੀ ਹਾਂ...?

ਬਲਵਿੰਦਰ ਪ੍ਰੀਤ
Share:

ਨਜ਼ਮ

ਤੜ੍ਹਪ
---------
ਇਕ ਫੁੱਲ
ਜੋ ਮੇਰੇ ਕੋਲ ਰਹੇ
ਮੇਰੇ ਮਰਨ ਤੱਕ
ਮੇਰੇ ਮਰਨ ਮਗਰੋਂ
ਵੀ ਉਹ ਵੰਡਦਾ ਰਹੇ
ਖੁਸ਼ਬੋ ਦੂਜਿਆਂ ਤਾਂਈਂ
ਤੂੰ ਮੰਗਿਆ ਸੀ
ਮੇਰੇ ਕੋਲੋ ਆਪਣੀ
ਆਖਰੀ ਮਿਲਣੀ 'ਤੇ
ਤੇ ਮੇਰਾ ਉਸ ਤੋਂ
ਇਨਕਾਰੀ ਹੋ ਜਾਣਾ
ਅੱਜ ਵੀ ਯਾਦ ਹੈ ਮੈਨੁੰ
ਤੇ ਤੜਫਾਉਂਦਾ ਵੀ ਹੈ ਮੈਨੂੰ

ਜੇ ਮੰਗ ਤੇਰੀ ਮੰਨ ਲੈਂਦਾ ਤਾਂ
ਸ਼ਾਇਦ
ਅੱਜ ਆਪਾਂ ਇਕ ਹੁੰਦੇ ।

ਬਲਵਿੰਦਰ ਪ੍ਰੀਤ
Share:

Sponsor

AD BANNER

Subscribe Us

BANNER 728X90

ਪੰਜਾਬੀ ਦੁਨੀਆਂ

YouTube Traffic

YouTube Traffic

Learn how to get views on youtube...

Get started Blogging

Get started Blogging

Create a site on blogspot for free...

Visitors

Search This Blog

3/related/default

Breaking

Ad Space

Responsive Advertisement

Beauty

Text Widget

ਸ਼ਬਦ ਮੰਡਲ

ਐਡੀਟੋਰੀਅਲ ਟੀਮ
ਪਾਵਸੀ ਕਿਤਾਬਖ਼ਾਨਾ

Categories

Advertise

Popular Posts